ਗੋਲਡ ਕੋਸਟ: ਭਾਰਤ ਦੇ ਭਾਰ ਤੋਲਕ ਖਿਡਾਰੀ ਸਤੀਸ਼ ਕੁਮਾਰ ਸ਼ਿਵਾਲਿੰਗਮ ਨੇ ਇੱਕਵੀਆਂ ਰਾਸ਼ਟਮੰਡਲ ਖੇਡਾਂ ਵਿੱਚ ਤੀਜੇ ਦਿਨ ਭਾਰ ਦੀ ਝੋਲੀ ਇੱਕ ਹੋਰ ਸੋਨ ਤਗ਼ਮਾ ਪਾ ਦਿੱਤਾ ਹੈ। ਸਤੀਸ਼ ਦੀ ਪ੍ਰਾਪਤੀ ਨਾਲ ਮੈਡਲ ਸੂਚੀ ਵਿੱਚ ਭਾਰਤ ਦਾ ਸਥਾਨ ਤੀਜਾ ਹੋ ਗਿਾ ਹੈ।
ਸਤੀਸ਼ ਨੇ ਵੇਟਲਿਫਟਿੰਗ ਦੇ ਪੁਰਸ਼ਾਂ ਦੇ 77 ਕਿੱਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ। ਸਤੀਸ਼ ਨੇ ਸਨੈਚ ਵਿੱਚ 144 ਕਿੱਲੋ ਦਾ ਸਰਵੋਤਮ ਵਜ਼ਨ ਚੁੱਕਿਆ ਤੇ ਉੱਥੇ ਹੀ ਕਲੀਨ ਐਂਡ ਜਰਕ ਵਿੱਚ 173 ਕਿੱਲੋ ਦਾ ਸਰਵੋਤਮ ਵਜ਼ਨ ਚੁੱਕਿਆ। ਕੁੱਲ ਮਿਲਾ ਕੇ ਉਨ੍ਹਾਂ ਦਾ ਸਕੋਰ 317 ਰਿਹਾ। ਇੰਨੇ ਸਕੋਰ ਤੋਂ ਬਾਅਦ ਉਨ੍ਹਾਂ ਨੂੰ ਕਲੀਨ ਐਂਡ ਜਰਕ ਵਿੱਚ ਤੀਜੀ ਕੋਸ਼ਿਸ਼ ਦੀ ਜ਼ਰੂਰਤ ਹੀ ਨਹੀਂ ਪਈ।
ਸਤੀਸ਼ ਦੇ ਵਿਰੋਧੀ ਖਿਡਾਰੀ ਜੈਕ ਓਲੀਵਰ (ਇੰਗਲੈਂਡ) ਨੇ 312 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਂਅ ਕੀਤਾ, ਜਦਕਿ ਫ੍ਰਾਂਕੋਇਸ ਇਟੁਉਂਡੀ (ਆਸਟ੍ਰੇਲੀਆ) ਨੇ 305 ਸਕੋਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਭਾਰਤ ਦਾ ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਤੀਜਾ ਸੋਨ ਕੇ ਕੁੱਲ ਪੰਜਵਾਂ ਤਗ਼ਮਾ ਹੈ। ਸਾਰੇ ਹੀ ਤਗ਼ਮੇ ਵੇਟਲਿਫਟਿੰਗ ਤੋਂ ਹੀ ਆਏ ਹਨ। ਮੀਰਾਬਾਈ ਚਾਨੂੰ ਤੇ ਸੰਜੀਤਾ ਚਾਨੂੰ ਨੇ ਮਹਿਲਾ ਵਰਗ ਵਿੱਚ ਸੋਨ ਤਗ਼ਮੇ ਜਿੱਤੇ। ਜਦਕਿ ਪੀ. ਗੁਰੂਰਾਜਾ ਨੇ ਚਾਂਦੀ ਤੇ ਦੀਪਕ ਲਾਠਰ ਨੇ ਪੁਰਸ਼ ਵਰਗ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ।