CWG 2022: ਰਾਸ਼ਟਰਮੰਡਲ ਖੇਡਾਂ 'ਚ ਤਮਗੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਗਦ ਇਨਾਮ ਰਾਸ਼ੀ ਦੇ ਕੇ ਖੇਡਾਂ ਪ੍ਰਤੀ ਹੋਰ ਰੁਚੀ ਦਿਖਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਵੇਟ ਲਿਫਟਿੰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਵਪ੍ਰੀਤ ਸਿੰਘ ਨੂੰ ਵੀ ਸਰਕਾਰ ਵੱਲੋਂ 40 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸੀਐੱਮ ਨੇ ਟਵੀਟ ਕਰ ਜਿੱਥੇ ਲਵਪ੍ਰੀਤ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਅਨੁਸਾਰ ਲਵਪ੍ਰੀਤ ਨੂੰ ₹40 ਲੱਖ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ… ਚੱਕਦੇ ਇੰਡੀਆ...
ਬੀਤੇ ਦਿਨ ਪੁਰਸ਼ਾਂ ਦੇ ਵੇਟਲਿਫਟਿੰਗ ਦੇ 109 ਕਿਲੋ ਵਰਗ ਵਿੱਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ । ਲਵਪ੍ਰੀਤ ਸਿੰਘ ਨੇ ਕੁੱਲ 355 ਕਿਲੋ ਭਾਰ ਚੁੱਕਿਆ। ਇਹ ਸ਼੍ਰੇਣੀ ਭਾਰਤ ਲਈ ਇੱਕ ਨਵਾਂ ਰਾਸ਼ਟਰੀ ਰਿਕਾਰਡ ਵੀ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਵੇਟਲਿਫਟਿੰਗ ਵਿੱਚ ਭਾਰਤ ਦਾ ਇਹ 9ਵਾਂ ਤਮਗਾ ਹੈ।
ਕਾਂਸੀ ਦਾ ਤਗਮਾ ਜਿੱਤਣ 'ਤੇ ਹਲਕਾ ਅਟਾਰੀ ਦੇ ਪਿੰਡ ਬੱਲ ਸਚੰਦਰ 'ਚ ਖੁਸ਼ੀ ਦਾ ਮਾਹੌਲ ਹੈ। ਲਵਪ੍ਰੀਤ ਨੇ ਸਾਧਾਰਣ ਪਰਿਵਾਰ 'ਚੋਂ ਉਠ ਕੇ ਵੇਟ ਲਿਫਟਿੰਗ 'ਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਲਵਪ੍ਰੀਤ ਦੇ ਪਿਤਾ ਪਿੰਡ 'ਚ ਦਰਜੀ ਦਾ ਕੰਮ ਕਰਦੇ ਹਨ। ਲਵਪ੍ਰੀਤ ਜੂਨੀਅਰ 'ਚ ਕਈ ਮੈਡਲ ਜਿੱਤ ਚੁੱਕਾ ਹੈ।