Qatar Rules on clothing : ਫੀਫਾ ਵਿਸ਼ਵ ਕੱਪ (FIFA World Cup) ਦੌਰਾਨ ਪ੍ਰਸ਼ੰਸਕਾਂ ਦਾ ਬੇਮਿਸਾਲ ਅੰਦਾਜ਼ ਅਸਲੀ ਮਜ਼ਾ ਦਿੰਦਾ ਹੈ। ਸਾਰੀ ਰਾਤ ਮੌਜ-ਮਸਤੀ, ਹੱਥਾਂ ਵਿੱਚ ਬੀਅਰ ਦੇ ਗਲਾਸ ਅਤੇ ਕੱਪੜੇ ਪਹਿਨਣ ਦੀ ਆਜ਼ਾਦੀ ਸਭ ਕੁਝ ਫੀਫਾ ਵਿਸ਼ਵ ਕੱਪ ਦਾ ਮਾਹੌਲ ਬਣਾਉਂਦੇ ਹਨ। ਹਾਲਾਂਕਿ ਕਤਰ ਵਿੱਚ ਇਹ ਸਭ ਸੰਭਵ ਨਹੀਂ ਜਾਪਦਾ। ਕਤਰ 'ਚ ਕਈ ਚੀਜ਼ਾਂ 'ਤੇ ਪਾਬੰਦੀਆਂ ਹਨ, ਜੋ ਫੀਫਾ ਵਿਸ਼ਵ ਕੱਪ ਦੌਰਾਨ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰਦੀਆਂ ਰਹਿਣਗੀਆਂ। ਇੱਥੇ ਸਭ ਤੋਂ ਮਹੱਤਵਪੂਰਨ ਪਾਬੰਦੀ ਔਰਤਾਂ ਦੇ ਕੱਪੜਿਆਂ ਬਾਰੇ ਹੈ। ਇੱਥੇ ਔਰਤਾਂ ਸਰੀਰ ਨੂੰ ਦਿਖਾਉਣ ਵਾਲੇ ਕੱਪੜੇ ਨਹੀਂ ਪਾ ਸਕਦੀਆਂ। ਅਜਿਹੇ ਕੱਪੜੇ ਪਹਿਨਣ 'ਤੇ ਜੇਲ੍ਹ ਭੇਜਣ ਦਾ ਵੀ ਨਿਯਮ ਹੈ।
ਕਤਰ ਦੀਆਂ ਔਰਤਾਂ ਆਮ ਤੌਰ 'ਤੇ 'ਅਬਾਯਾ' ਪਾ ਕੇ ਹੀ ਬਾਹਰ ਨਿਕਲਦੀਆਂ ਹਨ। ਹਾਲਾਂਕਿ ਵਿਦੇਸ਼ਾਂ ਦੀਆਂ ਮਹਿਲਾ ਪ੍ਰਸ਼ੰਸਕਾਂ ਲਈ ਇਹ ਪਹਿਨਣਾ ਜ਼ਰੂਰੀ ਨਹੀਂ ਹੈ, ਪਰ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਮੋਢਿਆਂ ਤੋਂ ਲੈ ਕੇ ਗੋਡਿਆਂ ਤੱਕ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਪੈਂਦਾ ਹੈ। ਕਤਰ ਆਉਣ ਵਾਲੀਆਂ ਔਰਤਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਤੰਗ ਕੱਪੜੇ ਨਾ ਪਾਉਣ। ਵੈਸੇ, ਸਿਰਫ ਔਰਤਾਂ ਹੀ ਨਹੀਂ, ਮਰਦਾਂ ਨੂੰ ਵੀ ਜਨਤਕ ਥਾਵਾਂ 'ਤੇ ਆਪਣੇ ਸਰੀਰ ਨੂੰ ਮੋਢਿਆਂ ਤੋਂ ਲੈ ਕੇ ਗੋਡਿਆਂ ਤੱਕ ਢੱਕ ਕੇ ਰੱਖਣਾ ਪੈਂਦਾ ਹੈ।
ਉਮੀਦ ਕੀਤੀ ਜਾ ਰਹੀ ਸੀ ਕਿ ਫੀਫਾ ਵਿਸ਼ਵ ਕੱਪ ਦੌਰਾਨ ਕਤਰ ਦੇ ਨਿਯਮਾਂ 'ਚ ਕੁਝ ਨਰਮੀ ਆਵੇਗੀ ਪਰ ਅਜਿਹਾ ਨਹੀਂ ਹੋਇਆ। ਕਤਰ 'ਚ ਜੇ ਸੈਲਾਨੀ ਪਹਿਰਾਵੇ ਸਬੰਧੀ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਕਤਰ ਫੀਫਾ ਵਿਸ਼ਵ ਕੱਪ ਦੇ ਮੁੱਖ ਟੈਕਨਾਲੋਜੀ ਅਧਿਕਾਰੀ ਨਿਆਜ਼ ਅਬਦੁਲਰਾਹਿਮਾਨ ਦੀ ਟਿੱਪਣੀ ਨੇ ਇਸ ਡਰ ਨੂੰ ਹੋਰ ਵਧਾ ਦਿੱਤਾ ਹੈ।
ਨਿਆਜ਼ ਨੇ ਕਿਹਾ, 'ਸਾਡੇ ਕੋਲ ਸਟੇਡੀਅਮ ਦੀ ਹਰ ਸੀਟ ਦਾ ਸਾਫ਼ ਦ੍ਰਿਸ਼ ਦੇਖਣ ਲਈ ਉੱਚ ਰੈਜ਼ੋਲਿਊਸ਼ਨ ਵਾਲੇ ਕੈਮਰੇ ਹਨ। ਸਰੋਤਿਆਂ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਜਾਵੇਗਾ। ਜੇਕਰ ਕੁਝ ਹੁੰਦਾ ਹੈ ਤਾਂ ਮੈਚ ਤੋਂ ਬਾਅਦ ਦੀ ਇਸ ਰਿਕਾਰਡਿੰਗ ਨੂੰ ਜਾਂਚ ਦੌਰਾਨ ਵਰਤਿਆ ਜਾਵੇਗਾ।
ਫੀਫਾ ਡਰੈੱਸ ਕੋਡ ਬਾਰੇ ਕੀ ਕਹਿ ਰਿਹੈ?
ਫੀਫਾ ਵਿਸ਼ਵ ਕੱਪ ਦੀ ਵੈੱਬਸਾਈਟ 'ਤੇ ਵਿਦੇਸ਼ੀ ਪ੍ਰਸ਼ੰਸਕਾਂ ਨੂੰ ਕਤਰ ਦੇ ਪਹਿਰਾਵੇ ਬਾਰੇ ਸਲਾਹ ਦਿੱਤੀ ਗਈ ਹੈ, 'ਦਰਸ਼ਕ ਆਪਣੀ ਪਸੰਦ ਦੇ ਕੱਪੜੇ ਕਿਸੇ ਵੀ ਤਰ੍ਹਾਂ ਪਹਿਨ ਸਕਦੇ ਹਨ ਪਰ ਅਜਾਇਬ ਘਰ, ਸਰਕਾਰੀ ਇਮਾਰਤਾਂ ਵਰਗੀਆਂ ਜਨਤਕ ਥਾਵਾਂ 'ਤੇ ਜਾਂਦੇ ਸਮੇਂ ਉਨ੍ਹਾਂ ਨੂੰ ਆਪਣੇ ਮੋਢੇ ਅਤੇ ਗੋਡਿਆਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਹੋਵੇਗਾ। ਸਟੇਡੀਅਮ ਵਿੱਚ ਕਮੀਜ਼ ਉਤਾਰਨ ਦੀ ਵੀ ਮਨਾਹੀ ਹੈ।