ਗੁਰਦਾਸਪੁਰ: ਇਕ ਪਾਸੇ ਜਿੱਥੇ ਟੋਕੀਓ ੳਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੂਬਾ ਸਰਕਾਰਾਂ ਅਤੇ ਸੈਂਟਰ ਸਰਕਾਰ ਵੱਲੋਂ ਵੱਡੇ ਇਨਾਮਾਂ ਨਾਲ ਨਵਾਜ਼ਿਆ ਜਾ ਰਿਹਾ ਹੈ। ਓਥੇ ਹੀ ਦੂਜੇ ਪਾਸੇ ਦੇਸ਼ ਦੇ ਲਈ ਤਿਆਰ ਹੋ ਰਹੀ ਖਿਡਾਰੀਆਂ ਦੀ ਪਨੀਰੀ ਵਾਜਿਬ ਸਹੂਲਤਾਂ ਲਈ ਵੀ ਤਰਸਦੀ ਨਜ਼ਰ ਆ ਰਹੀ ਹੈ।
ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪ ਗੜ੍ਹ ਦਾ ਜਿੱਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿਚ ਖੇਲੋ ਇੰਡੀਆ ਖੇਡਾਂ ਵਿਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ ਅਤੇ ਹੋਰ ਵੀ ਕਈ ਮੱਲਾਂ ਮਾਰ ਚੁਕੀ ਹੈ ਪਰ ਆਪਣੇ ਘਰ ਵਿਚ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਹੈ।
ਹਲਾਤ ਇਹ ਹਨ ਕਿ ਘਰ ਵਿਚ ਦੋ ਕਮਰੇ ਹਨ ਅਤੇ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ। ਇਕ ਹੀ ਕਮਰੇ ਵਿਚ ਪਰਿਵਾਰ ਰਹਿਣ ਨੂੰ ਮਜਬੂਰ ਹੈ ਅਤੇ ਪਿਤਾ ਦਾ ਪੈਰ ਠੀਕ ਨਾ ਹੋਣ ਕਾਰਨ ਘਰ ਦੀ ਕਮਾਈ ਦਾ ਜ਼ਰੀਆ ਵੀ ਰੁਕਿਆ ਹੋਇਆ ਹੈ।
ਜ਼ਰੂਰਤ ਹੈ ਕਿ ਸਾਡੀਆਂ ਸਰਕਾਰਾਂ ਦੇਸ਼ ਦੇ ਇਨ੍ਹਾਂ ਖਿਡਾਰੀਆਂ ਵੱਲ ਖਾਸ ਧਿਆਨ ਦੇਣ ਤਾਂਕਿ ਇਹ ਪਨੀਰੀ ਚੰਗੇ ਮਾਹੌਲ ਵਿਚ ਵਧ ਫੁੱਲ ਸਕੇ ਅਤੇ ਇਕ ਚੰਗਾ ਦਰੱਖਤ ਬਣਕੇ ਦੇਸ਼ ਦੀ ਝੋਲੀ ਵਿਚ ਮੈਡਲ ਰੂਪੀ ਫਲ ਪੈ ਸਕੇ।
ਖਿਡਾਰੀ ਨਵਦੀਪ ਕੌਰ ਨੇ ਦੱਸਿਆ ਕਿ ਖੇਲੋ ਇੰਡੀਆ ਵਿੱਚ 2019 ਵਿੱਚ ਉਸਦਾ ਗੋਲਡ ਮੈਡਲ ਸੀ ਅਤੇ 2020 ਵਿਚ ਸਿਲਵਰ ਮੈਡਲ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੋਕ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਲ ਮਿਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਆਪਣੀਆਂ ਕਈ ਖੁਆਇਸ਼ਾਂ ਨੂੰ ਦਬਾਉਣਾ ਪਿਆ।
ਕੋਚ ਬਲਦੇਵ ਸਿੰਘ ਢਿੱਲੋਂ ਅਤੇ ਆਪਣੇ ਮਾਮਾ ਜਗਦੇਵ ਰਾਜ ਦੇ ਉਤਸ਼ਾਹਿਤ ਕਰਨ ਤੋਂ ਬਾਅਦ ਖੇਲੋ ਇੰਡੀਆ ਖੇਡਾਂ ਵਿਚ ਨੈਸ਼ਨਲ 'ਚ ਗੋਲਡ ਲੈ ਕੇ ਆਈ ਹਾਂ ਪਰ ਮੇਰੇ ਘਰ ਦੇ ਹਾਲਾਤ ਹੁਣ ਵੀ ਬਹੁਤ ਖਰਾਬ ਨੇ ਘਰ ਦੀ ਛੱਤ ਡਿਗੀ ਨੂੰ ਇਕ ਸਾਲ ਹੋ ਚੁੱਕਿਆ ਹੈ। ਜਿਸ ਨੂੰ ਬਣਾਉਣ ਲਈ ਸਾਡੇ ਕੋਲ ਪੈਸੇ ਨਹੀਂ ਹਨ।
ਉਨ੍ਹਾਂ ਦੱਸਿਆ ਮੇਰੇ ਪਿਤਾ ਜੀ ਦਾ ਇਕ ਪੈਰ ਖਰਾਬ ਹੈ ਅਤੇ ਉਹ ਕੋਈ ਕੰਮ ਨਹੀ ਕਰ ਸਕਦੇ। ਛੋਟਾ ਭਰਾ ਜੋ ਕਿ ਪੜਦਾ ਹੈ ਅਤੇ ਮਾਤਾ ਆਂਗਨਵਾੜੀ ਵਿਚ ਮਾਮੂਲੀ ਤਨਖਾਹ 'ਤੇ ਕੰਮ ਕਰਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀ ਹੁੰਦਾ। ਘਰ ਵਿਚ ਤੰਗੀ ਜਿਆਦਾ ਹੋਣ ਕਾਰਨ ਮੈਂ ਆਪਣੇ ਨਾਨਕੇ ਕਾਦੀਆਂ ਰਹਿੰਦੀ ਹਾਂ ਅਤੇ ਉਹਨਾਂ ਨੇ ਹੀ ਮੇਰੀ ਮਦਦ ਕੀਤੀ ਹੈ।
ਨਵਦੀਪ ਕੌਰ ਨੇ ਕਿਹਾ ਕਿ ਮੈਨੂੰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਂਦੀ ਹੈ ਤਾਂ ਮੈਂ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਦਾ ਪਾਲਣ ਪੋਸ਼ਨ ਕਰ ਸਕਦੀ ਹਾਂ। ਉਨ੍ਹਾਂ ਕਿਹਾ ਕਿ ਮੇਰੇ ਜਿਹੀਆਂ ਹੋਰ ਵੀ ਕਈ ਖਿਡਾਰਨਾਂ ਹਨ, ਜੋ ਮੁੱਡਲੀ ਸਹਾਇਤਾ ਨਾ ਮਿਲਣ ਕਾਰਨ ਪਿੱਛੇ ਰਹਿ ਜਾਂਦੀਆਂ ਹਨ।
ਨਵਦੀਪ ਕੌਰ ਨੇ ਉਲੰਪਿਕ ਵਿਚ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਸਰਕਾਰਾਂ ਵੀ ਆਪਣੇ ਖਿਡਾਰੀਆਂ ਦਾ ਧਿਆਨ ਰੱਖਣ।