ਨਵੀਂ ਦਿੱਲੀ: ਭਾਰਤੀ ਹਰਫਨਮੌਲਾ ਕ੍ਰਿਕਟ ਖਿਡਾਰੀ ਹਾਰਦਿਕ ਪੰਡਿਆ ਨੇ ਕਿਹਾ ਹੈ ਕਿ Covid-19 ਮਹਾਮਾਰੀ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਕਰਵਾਉਣ ਦਾ ਵਿਕਲਪ ਖੁੱਲ੍ਹਾ ਹੋਣਾ ਚਾਹੀਦਾ ਹੈ। ਹਾਰਦਿਕ ਦਾ ਇਸ਼ਾਰਾ ਬਗੈਰ ਦਰਸ਼ਕਾਂ ਵਾਲੇ ਸਟੇਡੀਅਮ ਵਿੱਚ ਆਈਪੀਐਲ ਖਿਡਵਾਏ ਜਾਣ ਵੱਲ ਸੀ।


ਹਾਰਦਿਕ ਪੰਡਿਆ ਨੇ ਦਿਨੇਸ਼ ਕਾਰਤਿਕ ਨਾਲ ਇੰਸਟਾਗ੍ਰਾਮ ਚੈਟ ਵਿੱਚ ਕਿਹਾ ਕਿ ਸਾਨੂੰ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਖੇਡਣ ਦੀ ਆਦਤ ਹੈ ਪਰ ਉਨ੍ਹਾਂ ਰਣਜੀ ਟ੍ਰਾਫੀ ਵੀ ਖੇਡੀ ਹੈ, ਜਿਸਨੂੰ ਦੇਖਣ ਦਰਸ਼ਕ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਬਿਨਾ ਦਰਸ਼ਕਾਂ ਦੇ ਆਈਪੀਐਲ ਇੱਕ ਬਿਹਤਰ ਵਿਕਲਪ ਹੋਵੇਗਾ, ਘੱਟੋ-ਘੱਟ ਇਸ ਨਾਲ ਲੋਕਾਂ ਦਾ ਮਨੋਰੰਜਨ ਤਾਂ ਹੋਵੇਗਾ। ਇਸ ਮੌਕੇ ਹਾਰਦਿਕ ਨਾਲ ਕਰੁਣਾਲ ਪੰਡਿਆ ਵੀ ਸਹਿਮਤ ਹੋਏ।

'ਕੌਫ਼ੀ ਵਿਦ ਕਰਨ' ਟੈਲੀਵਿਜ਼ਨ ਪ੍ਰੋਗਰਾਮ ਵਿੱਚ ਹੋਏ ਵਿਵਾਦ ਬਾਰੇ ਪੁੱਛੇ ਜਾਣ 'ਤੇ ਹਾਰਦਿਕ ਨੇ ਕਿਹਾ ਕਿ ਉਨ੍ਹਾਂ ਨੂੰ ਕੌਫ਼ੀ ਦਾ ਉਹ ਕੱਪ ਕਾਫੀ ਮਹਿੰਗਾ ਪਿਆ। ਉਨ੍ਹਾਂ ਕਿਹਾ ਕਿ ਉਹ ਕੌਫ਼ੀ ਨਹੀਂ ਬਲਕਿ ਗ੍ਰੀਨ ਟੀ ਪੀਂਦੇ ਹਨ, ਸਿਰਫ ਇੱਕ ਵਾਰ ਕੌਫ਼ੀ ਪੀਤੀ ਜੋ ਉਸ ਲਈ ਬਹੁਤ ਮਹਿੰਗੀ ਸਾਬਤ ਹੋਈ।