ਚੰਡੀਗੜ੍ਹ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਪਹਿਲੀ ਨਜ਼ਰੇ ਹੀ ਮਲੇਸ਼ੀਅਨ ਕੁੜੀ ਇਲੀ ਸਾਦਿਕ ਦੇ ਪਿਆਰ 'ਚ ਪੈ ਗਏ ਸੀ। 2012 ਵਿੱਚ ਮਲੇਸ਼ੀਆ ਵਿੱਚ ਜੌਹਰ ਕੱਪ ਵਿੱਚ ਮਨਪ੍ਰੀਤ ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰ ਰਹੇ ਸੀ। ਇਲੀ ਸਾਦਿਕ ਇਸ ਮੈਚ ਨੂੰ ਦੇਖਣ ਆਈ ਸੀ। ਉਦੋਂ ਤੋਂ ਉਹ ਮਨਪ੍ਰੀਤ ਦੀ ਵੱਡੀ ਫੈਨ ਹੈ।

ਮਨਪ੍ਰੀਤ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਦੋਵਾਂ ਨੇ ਪਹਿਲੀ ਨਜ਼ਰੇ ਇੱਕ ਦੂਜੇ ਨੂੰ ਦਿਲ ਦੇ ਦਿੱਤਾ। ਬਾਅਦ ਵਿੱਚ ਮਨਪ੍ਰੀਤ ਨੇ ਆਪਣੀ ਮਾਂ ਨਾਲ ਇਲੀ ਨੂੰ ਜੀਵਨ ਸਾਥੀ ਬਣਾਉਣ ਦੀ ਗੱਲ ਕੀਤੀ। ਮਾਂ ਨੇ ਰਿਸ਼ਤੇ ਲਈ ਹਾਮੀ ਭਰ ਦਿੱਤੀ। ਜਲੰਧਰ ਦੇ ਪਿੰਡ ਮਿੱਠਾਪੁਰ ਵਿੱਚ ਰਹਿੰਣ ਵਾਲੇ ਮਨਪ੍ਰੀਤ ਦੇ ਪਰਿਵਾਰ ਨਾਲ ਵੀ ਇਲੀ ਸਾਦਿਕ ਨੇ ਮੁਲਾਕਾਤ ਕੀਤੀ ਹੈ।

ਹੁਣ ਜਾਣਕਾਰੀ ਮਿਲੀ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੋ ਦਸੰਬਰ ਨੂੰ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਾਦਿਕ ਨਾਲ ਵਿਆਹ ਕਰਨਗੇ। ਉਹ ਇੱਲੀ ਨੌਂ ਸਾਲਾਂ ਤੋਂ ਡੇਟ ਕਰ ਰਹੇ ਹਨ। ਮਨਪ੍ਰੀਤ ਸਿੰਘ ਨੇ 2020 ਓਲੰਪਿਕ ਦੇ ਬਾਅਦ ਸਭ ਤੋਂ ਪਹਿਲਾਂ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਓਲੰਪਿਕ ਸਮਾਗਮ ਕੋਰੋਨਾ ਕਾਰਨ ਮੁਲਤਵੀ ਹੋਣ ਤੋਂ ਬਾਅਦ ਹੁਣ ਮਨਪ੍ਰੀਤ ਨੇ ਇਸ ਸਾਲ ਦੋ ਦਸੰਬਰ ਨੂੰ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ।


ਇਸ ਬਾਰੇ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਆਹ ਦੀ ਤਰੀਕ ਦੋ ਦਸੰਬਰ ਪੱਕੀ ਕੀਤੀ ਗਈ ਹੈ। ਮਨਪ੍ਰੀਤ ਦੇ ਭਰਾ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਵਿਆਹ ਜਲੰਧਰ ਵਿੱਚ ਹੀ ਹੋਵੇਗਾ। ਅਜੇ ਲੋਕੇਸ਼ਨ ਫਾਈਨਲ ਨਹੀਂ ਕੀਤੀ ਗਈ। ਸੁਖਰਾਜ ਮੁਤਾਬਕ ਉਸ ਦਾ ਵੱਡਾ ਭਰਾ ਅਮਨਦੀਪ ਸਿੰਘ ਇਟਲੀ ਵਿਚ ਰਹਿੰਦਾ ਹੈ ਤੇ ਮੌਜੂਦਾ ਸਮੇਂ 'ਚ ਕੋਰੋਨਾ ਕਰਕੇ ਉਨ੍ਹਾਂ ਦਾ ਆਉਣਾ ਮੁਸ਼ਕਲ ਹੈ। ਇਸ ਦੇ ਨਾਲ ਹੀ ਜੇ ਕੋਰੋਨਾ ਲੰਬੇ ਸਮੇਂ ਤੱਕ ਰਿਹਾ ਤਾਂ ਤਾਰੀਖ ਵਿੱਚ ਤਬਦੀਲੀ ਵੀ ਸੰਭਵ ਹੈ।

ਮਨਪ੍ਰੀਤ ਸਿੰਘ ਅਤੇ ਇੱਲੀ ਸਾਦਿਕ ਦੇ ਵਿਆਹ ਵਿੱਚ ਆਏ ਮਹਿਮਾਨਾਂ ਦੀ ਲੀਸਟ ਕੋਰੋਨਾ 'ਤੇ ਨਿਰਭਰ ਕਰੇਗੀ। ਜੇ ਕੋਰੋਨਾ ਦਾ ਪ੍ਰਕੋਪ ਨਹੀਂ ਰੁਕਦਾ, ਤਾਂ ਵਿਆਹ ਦੇ ਰਿਵਾਜ਼ਾਂ 'ਚ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ ਪਰ ਉਂਝ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਬੁਲਾਉਣ ਦੀ ਯੋਜਨਾ ਬਣਾਈ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904