Anirban Lahiri : ਭਾਰਤ ਦੇ ਅਨਿਰਬਾਨ ਲਹਿਰੀ ਨੇ ਅਮਰੀਕਾ 'ਚ ਕਰਵਾਏ ਗੋਲਫ ਟੂਰਨਾਮੈਂਟ 'ਪਲੇਅਰਜ਼ ਚੈਂਪੀਅਨਸ਼ਿਪ' 'ਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਟੂਰਨਾਮੈਂਟ ਵਿੱਚ ਦੂਜੇ ਸਥਾਨ ’ਤੇ ਰਹਿਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਹ ਸਿਰਫ਼ ਇੱਕ ਸਟ੍ਰੋਕ ਨਾਲ ਇਹ ਟਰਾਫੀ ਜਿੱਤਣ ਤੋਂ ਖੁੰਝ ਗਿਆ। ਇਸ ਟੂਰਨਾਮੈਂਟ ਦਾ ਜੇਤੂ ਆਸਟ੍ਰੇਲੀਆ ਦਾ ਕੈਮਰਨ ਸਮਿਥ ਰਿਹਾ।
ਪਲੇਅਰਜ਼ ਚੈਂਪੀਅਨਸ਼ਿਪ ਵਿਸ਼ਵ ਵਿੱਚ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਹੈ। ਇਸ 'ਚ ਕੁੱਲ 150 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੈ। ਅਨਿਰਬਾਨ ਨੇ ਦੂਜੇ ਸਥਾਨ 'ਤੇ ਰਹਿ ਕੇ 16.5 ਕਰੋੜ ਰੁਪਏ ਜਿੱਤੇ ਹਨ।
'ਪਲੇਅਰਜ਼ ਚੈਂਪੀਅਨਸ਼ਿਪ' 'ਚ ਦੂਜੇ ਸਥਾਨ 'ਤੇ ਰਹਿਣ ਤੋਂ ਬਾਅਦ ਜਦੋਂ ਅਨਿਰਬਾਨ ਤੋਂ ਪੁੱਛਿਆ ਗਿਆ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ ਤਾਂ ਉਸ ਨੇ ਕਿਹਾ ਕਿ 'ਮੈਂ ਬਹੁਤ ਹਲਕਾ ਮਹਿਸੂਸ ਕਰ ਰਿਹਾ ਹਾਂ। ਪਿਛਲੇ ਦੋ ਸਾਲਾਂ 'ਚ ਮੈਂ ਬਹੁਤ ਖਰਾਬ ਖੇਡਿਆ। ਇਹ ਟੂਰਨਾਮੈਂਟ ਮੇਰੇ ਲਈ ਯਾਦਗਾਰ ਬਣ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ 'ਪਲੇਅਰਜ਼ ਚੈਂਪੀਅਨਸ਼ਿਪ' ਟੂਰਨਾਮੈਂਟ ਨੂੰ ਗੋਲਫ ਦਾ ਪੰਜਵਾਂ ਸਭ ਤੋਂ ਵੱਡਾ ਖਿਤਾਬ ਕਿਹਾ ਜਾਂਦਾ ਹੈ। ਇਸ ਦੇ ਨਾਲ ਇਹ ਸਭ ਤੋਂ ਵੱਧ ਸਨਮਾਨਿਤ ਗੋਲਫ ਟੂਰਨਾਮੈਂਟਾਂ ਵਿੱਚੋਂ ਇੱਕ ਹੈ। ਟਾਈਗਰ ਵੁਡਸ, ਗ੍ਰੇਗ ਨੌਰਮਨ ਵਰਗੇ ਗੋਲਫ ਦੇ ਮਹਾਨ ਖਿਡਾਰੀ ਇਹ ਟਰਾਫੀ ਜਿੱਤ ਚੁੱਕੇ ਹਨ। ਇਸ ਵਾਰ ਖਿਤਾਬ ਆਸਟਰੇਲੀਆ ਦੇ ਕੈਮਰੂਨ ਸਮਿਥ ਦੇ ਨਾਂ ਦਰਜ ਹੋਇਆ।