ਅਹਿਮਦਾਬਾਦ: India vs England T20I Series ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਦੇ ਸਮਰਥਕਾਂ ਹੱਥ ਨਿਰਾਸ਼ਾ ਲੱਗੀ, ਜਦ ਇੰਗਲੈਂਡ ਨੇ ਮੇਜ਼ਬਾਨ ਨੂੰ ਅੱਠ ਵਿਕਟਾਂ ਨਾਲ ਮਾਤ ਦੇ ਦਿੱਤੀ। ਪੰਜ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਹੁਣ ਭਾਰਤ ਤੋਂ 1-0 ਦੇ ਹਿਸਾਬ ਨਾਲ ਅੱਗੇ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ, ਜੋ ਟੀਮ ਨੂੰ ਕਾਫੀ ਰਾਸ ਆਇਆ। ਮਹਿਮਾਨ ਟੀਮ ਦੇ ਜੋਫਰਾ ਆਰਚਰ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਬਦਲੇ ਮੈਨ ਆਫ ਦਿ ਮੈਚ ਖ਼ਿਤਾਬ ਲਈ ਚੁਣਿਆ ਗਿਆ।


ਇੰਗਲੈਂਡ ਦਾ ਸ਼ਾਨਦਾਰ ਪ੍ਰਦਰਸ਼ਨ:


ਇੰਗਲੈਂਡ ਨੇ 125 ਦੌੜਾਂ ਦਾ ਟੀਚਾ ਸਿਰਫ ਦੋ ਵਿਕਟਾਂ ਗੁਆਉਂਦਿਆਂ 15.3 ਓਵਰਾਂ ’ਚ ਹੀ ਹਾਸਲ ਕਰ ਲਿਆ। ਇੰਗਲੈਂਡ ਟੀਮ ਦੇ ਜੇਸਨ ਰੌਏ ਨੇ 49, ਜੋਸ ਬਟਲਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਡੇਵਿਡ ਮਲਾਨ 24 ਅਤੇ ਜੌਨੀ ਬੇਅਰਸਟੋਅ 26 ਦੌੜਾਂ ਬਣਾ ਕੇ ਨਾਬਾਦ ਰਹੇ। ਉੱਧਰ, ਭਾਰਤ ਦੇ  ਯੁਜਵੇਂਦਰ ਚਾਹਲ ਤੇ ਵਸ਼ਿੰਗਟਨ ਸੁੰਦਰ ਹੀ ਇੱਕ-ਇੱਕ ਵਿਕਟ ਹਾਸਲ ਕਰਨ ਵਿੱਚ ਕਾਮਯਾਬ ਹੋਏ।


 






ਜਿਨ੍ਹਾਂ 'ਤੇ ਸੀ ਮਾਣ ਉਹੀ ਕਰ ਗਏ ਨਿਰਾਸ਼:


ਗੁਜਰਾਤ ਦੇ ਨਰੇਂਦਰ ਮੋਦੀ ਸਟੇਡੀਅਮ ’ਚ ਖੇਡੇ ਪਹਿਲੇ ਮੈਚ ਵਿੱਚ ਦੇਸ਼ ਦੀ ਕੌਮਾਂਤਰੀ ਟੀਮ ਦੀ ਸ਼ੁਰੂਆਤ ਹੀ ਮਾੜੀ ਰਹੀ। ਭਾਰਤ ਦਾ ਸਕੋਰ ਹੀ ਸਿਰਫ 20 ਹੀ ਸੀ ਕਿ ਟੀਮ ਦੇ ਸਿਖਰਲੇ ਤਿੰਨ ਬੱਲੇਬਾਜ਼ ਪੈਵੇਲੀਅਨ ਪਰਤ ਗਏ। ਟੀਮ ਨੇ ਨਿਰਧਾਰਿਤ 20 ਓਵਰਾਂ ’ਚ 7 ਵਿਕਟਾਂ ਗੁਆ ਕੇ 124 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੀ ਟੀਮ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ 21 ਜਦਕਿ ਹਾਰਦਿਕ ਪਾਂਡਿਆ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਬਾਕੀ ਕੋਈ ਵੀ ਭਾਰਤੀ ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਨਾਲ ਪਹੁੰਚ ਸਕਿਆ। ਕਪਤਾਨ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹਿਆਂ ਹੀ ਪਵੈਲੀਅਨ ਪਰਤ ਗਿਆ।


ਬਰਤਾਨਵੀ ਗੇਂਦਬਾਜ਼ਾਂ ਦਾ 'ਟੀਮਵਰਕ'


ਮਹਿਮਾਨ ਟੀਮ ਦੇ ਗੇਂਦਬਾਜ਼ਾਂ ਨੇ ਟੀਮਵਰਕ ਦਾ ਮੁਜ਼ਾਹਰਾ ਕੀਤਾ ਅਤੇ ਪੰਜ ਖਿਡਾਰੀਆਂ ਨੇ ਭਾਰਤ ਦੇ ਸੱਤ ਖਿਡਾਰੀ ਆਊਟ ਕੀਤੇ। ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਅਦੀਲ ਰਾਸ਼ਿਦ, ਮਾਰਕ ਵੁੱਡ, ਕ੍ਰਿਸ ਜੌਰਡਨ ਤੇ ਬੇਨ ਸਟੋਕਸ ਨੂੰ ਇੱਕ-ਇੱਕ ਵਿਕਟ ਮਿਲੀ।


ਇਸੇ ਲੜੀ ਦਾ ਦੂਜਾ ਮੁਕਾਬਲਾ ਵੀ ਇਸੇ ਯਾਨੀ ਕਿ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ 14 ਮਾਰਚ ਯਾਨੀ ਕਿ ਭਲਕ ਨੂੰ ਖੇਡਿਆ ਜਾਵੇਗਾ। ਗੁਜਰਾਤ ਕ੍ਰਿਕੇਟ ਐਸੋਸੀਏਸ਼ਨ (ਜੀਸੀਏ) ਵੱਲੋਂ ਮੈਚ ਦੇਖਣ ਲਈ 50 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ ’ਚ ਜਾਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।