ਨਵੀਂ ਦਿੱਲੀ: ਬੀਸੀਸੀਆਈ ਨੇ ਨਿਊਜ਼ੀਲੈਂਡ ਦੌਰੇ ਲਈ ਵਨਡੇ ਤੇ ਟੀ 20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਿਊਜ਼ੀਲੈਂਡ 'ਚ ਹੋਣ ਵਾਲੀ ਟੀ-20 ਤੇ ਵਨਡੇ ਸੀਰੀਜ਼ ਤੋਂ ਬਾਹਰ ਹਨ। ਧਵਨ 19 ਜਨਵਰੀ ਨੂੰ ਬੰਗਲੁਰੂ 'ਚ ਆਸਟਰੇਲੀਆ ਖ਼ਿਲਾਫ਼ ਤੀਜੇ ਵਨਡੇ ਮੈਚ ਦੌਰਾਨ ਜ਼ਖਮੀ ਹੋਏ ਸੀ। ਉਸ ਦੇ ਖੱਬੇ ਮੋਢੇ 'ਤੇ ਸੱਟ ਲੱਗੀ ਹੈ।


ਸ਼ਿਖਰ ਧਵਨ ਦੇ ਮੋਢੇ ਦੀ ਐਮਆਰਆਈ ਕੀਤੀ ਗਈ ਸੀ ਜਿਸ ਤੋਂ ਉਸ ਦੇ ਮੋਢੇ 'ਚ ਗ੍ਰੇਡ ਦੋ ਦੀ ਸੱਟ ਲੱਗਣ ਦੀ ਪੁਸ਼ਟੀ ਕੀਤੀ। ਉਸ ਨੂੰ ਕੁਝ ਦੇਰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਹੁਣ ਧਵਨ ਫਰਵਰੀ ਦੇ ਪਹਿਲੇ ਹਫਤੇ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਮੁੜ ਪ੍ਰੈਕਟਿਸ ਸ਼ੁਰੂ ਕਰਨਗੇ।

ਧਵਨ ਦੀ ਥਾਂ ਟੀ -20 ਸੀਰੀਜ਼ ਲਈ ਸੰਜੂ ਸੈਮਸਨ ਤੇ ਵਨਡੇ ਸੀਰੀਜ਼ ਲਈ ਪ੍ਰਿਥਵੀ ਸ਼ਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਨਿਊਜ਼ੀਲੈਂਡ ਦੇ ਛੇ ਹਫ਼ਤਿਆਂ ਦੇ ਦੌਰੇ ਲਈ ਅੱਜ ਆਕਲੈਂਡ ਪਹੁੰਚ ਗਈ ਹੈ। ਪੰਜ ਮੈਚਾਂ ਦੀ ਟੀ 20 ਲੜੀ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਟੀ -20 ਸੀਰੀਜ਼ ਤੋਂ ਇਲਾਵਾ, ਭਾਰਤੀ ਟੀਮ ਤਿੰਨ ਵਨਡੇ ਅਤੇ ਦੋ ਟੈਸਟ ਮੈਚ ਵੀ ਖੇਡੇਗੀ।