ਨਵੀਂ ਦਿੱਲੀ: ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ 'ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੱਡੀ ਰਾਹਤ ਮਿਲੀ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਹੁਣ ਠੀਕ ਹਨ ਤੇ ਦੂਜੇ ਟੈਸਟ 'ਚ ਉਹ ਟੀਮ ਦਾ ਹਿੱਸਾ ਹੋਣਗੇ। ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਪ੍ਰਿਥਵੀ ਸ਼ਾਅ ਦੇ ਫਿੱਟ ਬਾਰੇ ਜਾਣਕਾਰੀ ਦਿੱਤੀ।
ਪ੍ਰਿਥਵੀ ਸ਼ਾਅ ਨੇ ਬੁੱਧਵਾਰ ਨੂੰ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪ੍ਰਿਥਵੀ ਸ਼ਾਅ ਦੂਜੇ ਟੈਸਟ ਲਈ ਟੀਮ ਤੋਂ ਬਾਹਰ ਹੋ ਸਕਦਾ ਹੈ। ਪ੍ਰਿਥਵੀ ਸ਼ਾਅ ਦੇ ਆਊਟ ਹੋਣ ਦੀ ਸਥਿਤੀ 'ਚ ਬੈਕਅਪ ਓਪਨਰ ਸ਼ੁਭਮਨ ਗਿੱਲ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਜਾਂਦਾ। ਹੁਣ ਸ਼ਾਅ ਫਿਟ ਹੋਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਸ਼ੁਬਮਨ ਗਿੱਲ ਨੂੰ ਆਪਣੇ ਡੈਬਿਉ ਦਾ ਇੰਤਜ਼ਾਰ ਕਰਨਾ ਪਏਗਾ।
ਹਾਲਾਂਕਿ, ਪਹਿਲੇ ਟੈਸਟ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪ੍ਰਿਥਵੀ ਸ਼ਾਅ ਨਿਸ਼ਾਨੇ 'ਤੇ ਆ ਗਏ ਸੀ। ਸ਼ਾਅ ਨੇ ਪਹਿਲੇ ਟੈਸਟ ਦੀਆਂ ਦੋਵੇਂ ਪਾਰੀਆਂ 'ਚ 33 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਉਸ ਦਾ ਬਚਾਅ ਕੀਤਾ ਅਤੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਅੱਗੇ ਟੀਮ 'ਚ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਉਧਰ ਟੀਮ ਇੰਡੀਆ ਨੂੰ ਦੂਜੇ ਟੈਸਟ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਸ਼ਾਂਤ ਸ਼ਰਮਾ ਆਉਟ ਹੋਇਆ ਹੈ। ਇਸ਼ਾਂਤ ਸ਼ਰਮਾ ਗਿੱਟੇ ਦੀ ਸੱਟ ਕਾਰਨ ਬਾਹਰ ਹੋ ਗਿਆ ਸੀ ਜੋ ਉਸ ਨੂੰ ਰਣਜੀ ਮੈਚ ਖੇਡਦੇ ਸਮੇਂ ਲੱਗੀ ਸੀ। ਇਸ਼ਾਂਤ ਸ਼ਰਮ ਦੀ ਥਾਂ ਉਮੇਸ਼ ਯਾਦਵ ਨੂੰ ਟੀਮ 'ਚ ਮੌਕਾ ਮਿਲ ਸਕਦਾ ਹੈ।