ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋ ਚੁੱਕੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਗੱਲਾਂ ਹੈਰਾਨ ਕਰ ਰਹੀਆਂ ਹਨ। ਆਈ.ਪੀ.ਐੱਲ. ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ਾਂ ਵਿੱਚੋਂ ਇੱਕ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਨੂੰ ਨਿਲਾਮੀ ਦੇ ਪਹਿਲੇ ਦਿਨ ਕਿਸੇ ਟੀਮ ਨੇ ਖ਼ਰੀਦਿਆ ਹੀ ਨਹੀਂ। ਗੇਲ ਤੋਂ ਇਲਾਵਾ ਇੰਗਲੈਂਡ ਦੇ ਕੈਪਟਨ ਜੋ ਰੂਟ ਜੋ ਕਿ ਪਹਿਲੀ ਵਾਰ ਨੀਲਾਮੀ ਵਿੱਚ ਸ਼ਾਮਲ ਹੋਏ ਹਨ, ਨੂੰ ਵੀ ਪਹਿਲੇ ਦਿਨ ਕੋਈ ਖ਼ਰੀਦਦਾਰ ਨਹੀਂ ਮਿਲਿਆ।

ਪਿਛਲੇ ਸੀਜ਼ਨ ਵਿੱਚ ਰਾਇਲ ਚੈਲੰਜਰਸ ਬੰਗਲੁਰੂ ਦੀ ਟੀਮ ਦਾ ਖ਼ਾਸ ਹਿੱਸਾ ਰਹੇ ਕ੍ਰਿਸ ਗੇਲ ਨੂੰ ਆਰ.ਸੀ.ਬੀ. ਦੀ ਟੀਮ ਨੇ ਇਸ ਵਾਲ ਆਪਣੇ ਨਾਲ ਨਹੀਂ ਰੱਖਿਆ। ਬੋਲੀ ਵਿੱਚ ਉਨ੍ਹਾਂ ਦਾ ਬੇਸ ਪ੍ਰਾਈਜ਼ 2 ਕਰੋੜ ਰੱਖਿਆ ਗਿਆ ਹੈ ਪਰ ਫਿਰ ਵੀ ਕੋਈ ਖ਼ਰੀਦ ਨਹੀਂ ਰਿਹਾ। ਗੇਲ ਨੇ ਆਈ.ਪੀ.ਐੱਲ. ਵਿੱਚ ਹੁਣ ਤੱਕ 101 ਮੈਚ ਖੇਡੇ ਹਨ ਜਿਸ ਵਿੱਚ 3626 ਦੌੜਾਂ ਬਣਾਈਆਂ। ਗੇਲ ਨੇ 5 ਸੈਂਕੜੇ ਅਤੇ 21 ਵਾਰ ਅਰਧ ਸੈਂਕੜਾ ਬਣਾਇਆ ਹੈ।

ਦੂਜੇ ਪਾਸੇ ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਨੇ ਹੁਣ ਤੱਕ ਆਈ.ਪੀ.ਐੱਲ. ਦਾ ਇੱਕ ਵੀ ਮੈਚ ਨਹੀਂ ਖੇਡਿਆ। ਪਹਿਲੀ ਵਾਰ ਉਹ ਬੋਲੀ ਵਿੱਚ ਸ਼ਾਮਲ ਹੋਏ। ਰੂਟ ਨੇ ਇੰਗਲੈਂਡ ਵੱਲੋਂ 25 ਇੰਟਰਨੈਸ਼ਨਲ ਟੀ-20 ਮੈਚ ਖੇਡੇ ਹਨ, ਜਿਸ ਵਿੱਚ 128 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 743 ਦੌੜਾਂ ਬਣਾਈਆਂ ਹਨ। ਆਈ.ਪੀ.ਐੱਲ. ਦੀ ਨਿਲਾਮੀ ਵਿੱਚ 578 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ 361 ਭਾਰਤੀ ਹਨ।