LSG vs RCB Live Telecas: IPL ਵਿੱਚ ਅੱਜ (10 ਅਪ੍ਰੈਲ), ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਾਲੇ ਦੋ ਮੈਚ ਹੋਏ ਹਨ ਅਤੇ ਦੋਵਾਂ ਵਿੱਚ ਆਰਸੀਬੀ ਨੇ ਜਿੱਤ ਦਰਜ ਕੀਤੀ ਹੈ। ਇਹ ਮੈਚ ਪਿਛਲੇ ਸੀਜ਼ਨ 'ਚ ਖੇਡੇ ਗਏ ਸਨ। ਹਾਲਾਂਕਿ ਇਸ ਵਾਰ ਲਖਨਊ ਸੁਪਰ ਜਾਇੰਟਸ ਦੇ ਕੋਲ ਜਿੱਤ ਦੀ ਰਫ਼ਤਾਰ ਹੈ। ਲਖਨਊ ਨੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਤਿੰਨ ਵਿੱਚੋਂ ਦੋ ਮੈਚ ਜਿੱਤੇ ਹਨ, ਜਦੋਂ ਕਿ ਆਰਸੀਬੀ ਨੇ ਹੁਣ ਤੱਕ ਦੋ ਮੈਚ ਖੇਡੇ ਹਨ ਅਤੇ ਇੱਕ ਜਿੱਤਿਆ ਹੈ ਅਤੇ ਇੱਕ ਹਾਰਿਆ ਹੈ।
ਆਰਸੀਬੀ ਨੇ ਇਸ ਆਈਪੀਐਲ ਦਾ ਆਪਣਾ ਪਹਿਲਾ ਮੈਚ ਮੁੰਬਈ ਖ਼ਿਲਾਫ਼ 8 ਵਿਕਟਾਂ ਨਾਲ ਜਿੱਤਿਆ ਸੀ ਪਰ ਦੂਜੇ ਮੈਚ ਵਿੱਚ ਉਸ ਨੂੰ ਕੋਲਕਾਤਾ ਨੇ 81 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਦੂਜੇ ਪਾਸੇ ਲਖਨਊ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 50 ਦੌੜਾਂ ਨਾਲ ਹਰਾਇਆ ਸੀ ਪਰ ਦੂਜੇ ਮੈਚ ਵਿੱਚ ਉਸ ਨੂੰ ਸੀਐਸਕੇ ਹੱਥੋਂ 12 ਦੌੜਾਂ ਦੀ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਤੀਜੇ ਮੈਚ 'ਚ ਲਖਨਊ ਦੀ ਟੀਮ ਨੇ ਫਿਰ ਜਿੱਤ ਦੀ ਲੀਹ 'ਤੇ ਵਾਪਸੀ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਨੂੰ 24 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਦਿੱਤਾ।
ਇਨ੍ਹਾਂ ਦੋਵਾਂ ਟੀਮਾਂ ਨੂੰ ਬਰਾਬਰੀ ਦੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦੇ ਕੁਝ ਖਿਡਾਰੀ ਲੈਅ 'ਚ ਹਨ ਅਤੇ ਕੁਝ ਹੁਣ ਤੱਕ ਬੇਰੰਗ ਹਨ। ਅਜਿਹੇ 'ਚ ਅੱਜ ਦੇ ਮੈਚ 'ਚ ਕਰੀਬੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਦੋਵਾਂ ਵਿੱਚੋਂ ਕੋਈ ਵੀ ਟੀਮ ਇਹ ਮੈਚ ਜਿੱਤ ਸਕਦੀ ਹੈ।
ਮੈਚ ਕਦੋਂ ਅਤੇ ਕਿੱਥੇ ਦੇਖਣਾ ਹੈ?
ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਇਹ ਮੈਚ ਅੱਜ (10 ਅਪ੍ਰੈਲ) ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਭਿੜਨਗੀਆਂ। ਇਸ ਮੈਚ ਦਾ ਲਾਈਵ ਟੈਲੀਕਾਸਟ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ 'ਤੇ ਉਪਲਬਧ ਹੋਵੇਗੀ। ਇੱਥੇ ਅੰਗਰੇਜ਼ੀ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਕੁਮੈਂਟਰੀ ਸੁਣਨ ਦਾ ਵਿਕਲਪ ਹੈ। ਦੱਸ ਦੇਈਏ ਕਿ ਇਸ ਮੈਚ ਨੂੰ Jio Cinema ਐਪ 'ਤੇ ਮੁਫਤ 'ਚ ਦੇਖਿਆ ਜਾ ਸਕਦਾ ਹੈ।