ਜਲੰਧਰ : ਪੰਜਾਬ ਦੇ ਮੈਗਾ ਸਪੋਰਟਸ ਈਵੈਂਟ 'ਖੇਡਾਂ ਵਤਨ ਪੰਜਾਬ ਦੀਆ' ਦਾ ਉਦਘਾਟਨ ਅੱਜ ਸ਼ਾਮ 4 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।  ਇਸ ਦੌਰਾਨ ਸਟੇਡੀਅਮ 'ਚ ਮਸ਼ਾਲ ਯਾਤਰਾ ਕੱਢੀ ਜਾਵੇਗੀ। ਇਸ ਦੇ ਲਈ ਓਲੰਪਿਕ ਅਤੇ ਕਾਮਵੈਲਥ ਖੇਡਾਂ 'ਚ ਮੈਡਲ ਜਿੱਤ ਚੁਕੇ 13 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਖੇਡਾਂ 21 ਅਕਤੂਬਰ ਤੱਕ ਚੱਲਣਗੀਆਂ।  ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।








ਖੇਡ ਮੰਤਰੀ ਨੇ ਕਿਹਾ ਕਿ ਖੇਡ ਵਤਨ ਪੰਜਾਬ ਦੀਵਾਨ ਕਈ ਉਦੇਸ਼ਾਂ ਦੀ ਪੂਰਤੀ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਦਾ ਇੱਕ ਮਨੋਰਥ ਹੈ ਤਾਂ ਜੋ ਉਹ ਨਸ਼ਿਆਂ ਵੱਲ ਨਾ ਮੁੜਨ। ਦੂਜਾ ਮਨੋਰਥ ਪੰਜਾਬ ਦੀ ਪ੍ਰਤਿਭਾ ਨੂੰ ਪ੍ਰਫੁੱਲਤ ਹੋਣ ਲਈ ਪਲੇਟਫਾਰਮ ਪ੍ਰਦਾਨ ਕਰਨਾ ਹੈ। ਸਭ ਤੋਂ ਅਹਿਮ ਉਦੇਸ਼ ਪੰਜਾਬ ਦੇ ਗੁਆਚੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਹੈ। ਕੋਈ ਸਮਾਂ ਸੀ ਜਦੋਂ ਖੇਡਾਂ ਵਿੱਚ ਪੰਜਾਬ ਸਭ ਤੋਂ ਅੱਗੇ ਸੀ। ਅੱਜ ਗੁਆਂਢੀ ਰਾਜ ਪੰਜਾਬ ਨੂੰ ਪਛਾੜ ਚੁੱਕੇ ਹਨ ਪਰ ਹੁਣ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਵਾਪਸ ਲਿਆਂਦਾ ਜਾਵੇਗਾ।

 ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸੇ ਲੜੀ ਤਹਿਤ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਮਿਸ਼ਨਰੇਟ ਪੁਲਿਸ ਦੇ ਸਮੂਹ ਅਧਿਕਾਰੀਆਂ ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੀ ਮੌਜੂਦ ਸਨ।

ਸਬ-ਡਿਵੀਜ਼ਨ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਕਰਵਾਏ ਜਾਣਗੇ ਮੁਕਾਬਲੇ

ਬੇਸ਼ੱਕ 'ਖੇਡਾਂ ਵਤਨ ਪੰਜਾਬ ਦੀਆ' ਤਹਿਤ ਖੇਡ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪਰ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋਣਗੀਆਂ। 1 ਸਤੰਬਰ ਤੋਂ 7 ਸਤੰਬਰ ਤੱਕ ਇੱਕ ਹਫ਼ਤਾ ਬਲਾਕ ਪੱਧਰ 'ਤੇ ਖੇਡ ਮੇਲੇ ਦਾ ਆਯੋਜਨ ਹੋਵੇਗਾ। ਇਨ੍ਹਾਂ 'ਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ।

ਖੇਡਾਂ ਦਾ ਅਗਲਾ ਪੜਾਅ ਜ਼ਿਲ੍ਹਾ ਪੱਧਰ ਦਾ ਹੈ। ਇਹ ਸਮਾਗਮ 12 ਤੋਂ 22 ਸਤੰਬਰ ਤੱਕ 10 ਦਿਨ ਚੱਲੇਗਾ। ਜ਼ਿਲ੍ਹਾ ਪੱਧਰੀ ਖੇਡ ਮੇਲੇ ਦੌਰਾਨ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟ ਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਤੈਰਾਕੀ ,ਕੁਸ਼ਤੀ, ਬਾਕਸਿੰਗ ,ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਹੋਣਗੇ।  

ਖੇਡਾਂ ਦਾ ਆਖਰੀ ਪੜਾਅ ਰਾਜ ਪੱਧਰੀ ਖੇਡਾਂ ਹੋਵੇਗਾ, ਜੋ ਕਿ 10 ਅਕਤੂਬਰ ਤੋਂ 21 ਅਕਤੂਬਰ ਤੱਕ ਚੱਲਣਗੀਆਂ। ਰਾਜ ਪੱਧਰੀ ਟੂਰਨਾਮੈਂਟ ਵਿੱਚ ਕਿੱਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਹੋਣਗੇ।

ਡੇਢ ਲੱਖ ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ

ਖੇਡ ਮੇਲੇ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਹੁਣ ਤੱਕ 1.5 ਲੱਖ ਤੋਂ ਵੱਧ ਖਿਡਾਰੀ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 25 ਅਗਸਤ ਰੱਖੀ ਗਈ ਸੀ ਪਰ ਐਂਟਰੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਨੂੰ ਵਧਾ ਕੇ 30 ਅਗਸਤ ਕਰ ਦਿੱਤਾ ਹੈ। ਹੁਣ ਭਲਕੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਜਿਹੜੇ ਖਿਡਾਰੀ ਖੇਡਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਕੱਲ੍ਹ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।