ਨਵੀਂ ਦਿੱਲੀ: ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌੜ ਸੀ ਪਰ ਅੱਖ ਝਪੱਕਣ ਦੇ ਫਰਕ ਨਾਲ ਮਿਲਖਾ ਸਿੰਘ ਤਗਮੇ ਤੋਂ ਖੁੰਝ ਗਏ। ਰੋਮ ਓਲੰਪਿਕ 1960 ਦੀ ਉਸ ਦੌੜ ਨੇ ਉਨ੍ਹਾਂ ਨੂੰ ਐਸਾ ਨਾਸੂਰ ਦਿੱਤਾ ਜਿਸ ਦੀ ਚੀਸ ਜ਼ਿੰਦਗੀ ਭਰ ਪੈਂਦੀ ਰਹੀ। 91 ਸਾਲਾ ਫਲਾਇਂਗ ਸਿੱਖ ਮਿਲਖਾ ਸਿੰਘ ਦਾ ਕੋਰੋਨਾ ਇਨਫੈਕਸ਼ਨ ਨਾਲ ਜੂਝਣ ਤੋਂ ਬਾਅਦ ਚੰਡੀਗੜ੍ਹ 'ਚ ਕੱਲ੍ਹ ਦੇਰ ਰਾਤ ਦੇਹਾਂਤ ਹੋ ਗਿਆ।
ਮਿਲਖਾ ਰੋਮ 'ਚ ਇਤਿਹਾਸ ਰਚਣ ਤੋਂ 0.1 ਸਕਿੰਟ ਨਾਲ ਖੁੰਝ ਗਏ ਸਨ। ਰੋਮ ਓਲੰਪਿਕ 1960 ਤੇ ਟੋਕਿਓ ਓਲੰਪਿਕ 1964 'ਚ ਉਨ੍ਹਾਂ ਦੇ ਸਾਥੀ ਰਹੇ ਧਾਵਕ ਗੁਰਬਚਨ ਸਿੰਘ ਰੰਧਾਵਾ ਉਨ੍ਹਾਂ ਚੋਣਵੇਂ ਜਿਓਂਦੇ ਐਥਲੀਟਾਂ 'ਚੋਂ ਹਨ। ਜਿੰਨ੍ਹਾਂ ਨੇ ਮਿਲਖਾ ਸਿੰਘ ਦੀ 400 ਮੀਟਰ ਦੀ ਉਹ ਦੌੜ ਦੇਖੀ ਸੀ। 82 ਸਾਲ ਦੇ ਰੰਧਾਵਾ ਨੇ ਕਿਹਾ, 'ਮੈਂ ਉੱਥੇ ਸੀ ਤੇ ਪੂਰੇ ਭਾਰਤੀ ਦਲ ਨੂੰ ਉਮੀਦ ਸੀ ਕਿ ਰੋਮ 'ਚ ਇਤਿਹਾਸ ਰਚਿਆ ਜਾਵੇਗਾ। ਹਰ ਕੋਈ ਸਾਹ ਰੋਕ ਕੇ ਉਸ ਦੌੜ ਦਾ ਇੰਤਜ਼ਾਰ ਕਰ ਰਿਹਾ ਸੀ।'
ਉਨ੍ਹਾਂ ਕਿਹਾ ਉਹ ਸ਼ਾਨਦਾਰ ਫਾਰਮ 'ਚ ਸਨ ਤੇ ਉਨ੍ਹਾਂ ਦੀ ਟਾਇਮਿੰਗ ਉਸ ਸਮੇਂ ਦੁਨੀਆਂ ਦੇ ਦਿੱਗਜ਼ਾਂ ਦੇ ਬਰਾਬਰ ਸੀ। ਸੋਨੇ ਜਾਂ ਚਾਂਦੀ ਦਾ ਤਗਮਾ ਮੁਸ਼ਕਿਲ ਸੀ ਪਰ ਸਾਰਿਆਂ ਨੂੰ ਤਾਂਬੇ ਦੇ ਤਗਮੇ 'ਤੇ ਯਕੀਨ ਸੀ। ਉਹ ਇਸ 'ਚ ਸਮਰੱਥ ਸੀ। ਮਿਲਖਾ ਨੇ ਉਹ ਦੌੜ 45.6 ਸਕਿੰਟ 'ਚ ਪੂਰੀ ਕੀਤੀ ਤੇ ਉਹ ਦੱਖਣੀ ਅਫਰੀਕਾ ਦੇ ਮੈਲਕਮ ਸਪੈਂਸ ਤੋਂ 0.1 ਸਕਿੰਟ ਨਾਲ ਖੁੰਝ ਗਏ। ਉਨ੍ਹਾਂ 1958 'ਚ ਇਸ ਵਿਰੋਧੀ ਨੂੰ ਪਛਾੜ ਕੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀ।
ਇਸ ਤਰ੍ਹਾਂ ਹਾਸਲ ਕੀਤਾ 'ਫਲਾਇੰਗ ਸਿੱਖ' ਦਾ ਖਿਤਾਬ
ਮਿਲਖਾ ਸਿੰਘ ਨੂੰ ‘ਫਲਾਇੰਗ ਸਿੱਖ’ ਦਾ ਖਿਤਾਬ ਮਿਲਣ ਦੀ ਕਹਾਣੀ ਬਹੁਤ ਦਿਲਚਸਪ ਹੈ ਅਤੇ ਇਹ ਪਾਕਿਸਤਾਨ ਨਾਲ ਸਬੰਧਿਤ ਹੈ। ਮਿਲਖਾ ਸਿੰਘ ਨੂੰ 1960 ਦੇ ਰੋਮ ਓਲੰਪਿਕ ਵਿੱਚ ਤਮਗਾ ਨਾ ਮਿਲਣ 'ਤੇ ਬਹੁਤ ਦੁੱਖ ਹੋਇਆ ਸੀ। ਉਸੇ ਸਾਲ ਉਨ੍ਹਾਂ ਨੂੰ ਪਾਕਿਸਤਾਨ ਵਿਚ ਆਯੋਜਿਤ ਅੰਤਰਰਾਸ਼ਟਰੀ ਅਥਲੀਟ ਮੁਕਾਬਲੇ ਵਿਚ ਹਿੱਸਾ ਲੈਣ ਲਈ ਸੱਦਾ ਮਿਲਿਆ।
ਮਿਲਖਾ ਨੂੰ ਲੰਬੇ ਸਮੇਂ ਤੋਂ ਬਟਵਾਰੇ ਦਾ ਦਰਦ ਸੀ ਅਤੇ ਉਸ ਥਾਂ ਨਾਲ ਯਾਦਾਂ ਜੁੜੀਆਂ ਹੋਣ ਕਰਕੇ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ। ਹਾਲਾਂਕਿ, ਬਾਅਦ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ 'ਤੇ ਉਨ੍ਹਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ।
ਉਸ ਸਮੇਂ ਪਾਕਿਸਤਾਨ ਵਿੱਚ ਅਥਲੈਟਿਕਸ ਵਿੱਚ ਅਬਦੁੱਲ ਖਾਲਿਕ ਦਾ ਨਾਂ ਬਹੁਤ ਮਸ਼ਹੂਰ ਸੀ। ਉਹ ਉੱਥੇ ਸਭ ਤੋਂ ਤੇਜ਼ ਦੌੜਾਕ ਮੰਨਿਆ ਜਾਂਦਾ ਸੀ। ਇੱਥੇ ਮਿਲਖਾ ਸਿੰਘ ਉਸਦਾ ਮੁਕਾਬਲਾ ਕਰ ਰਿਹਾ ਸੀ। ਅਬਦੁੱਲ ਖਾਲਿਕ ਨਾਲ ਇਸ ਦੌੜ ਵਿਚ ਸਥਿਤੀ ਮਿਲਖਾ ਦੇ ਵਿਰੁੱਧ ਸੀ ਅਤੇ ਪੂਰਾ ਸਟੇਡੀਅਮ ਆਪਣੇ ਹੀਰੋ ਦੀ ਭਾਵਨਾ ਵਧਾ ਰਿਹਾ ਸੀ ਪਰ ਖਾਲਿਕ ਮਿਲਖਾ ਦੀ ਰਫਤਾਰ ਦੇ ਸਾਹਮਣੇ ਟਿੱਤ ਨਹੀਂ ਸਕਿਆ। ਦੌੜ ਤੋਂ ਬਾਅਦ ਪਾਕਿਸਤਾਨ ਫੀਲਡ ਦੇ ਤਤਕਾਲੀ ਰਾਸ਼ਟਰਪਤੀ ਮਾਰਸ਼ਲ ਅਯੂਬ ਖ਼ਾਨ ਨੇ ਮਿਲਖਾ ਸਿੰਘ ਦਾ ਨਾਂ 'ਫਲਾਇੰਗ ਸਿੱਖ' ਰੱਖਿਆ ਅਤੇ ਕਿਹਾ 'ਅੱਜ ਤੁਸੀਂ ਭੱਜ ਨਹੀਂ ਉੱਡੇ ਹੋ। ਇਸੇ ਲਈ ਅਸੀਂ ਤੁਹਾਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ।" ਉਦੋਂ ਤੋਂ, ਉਹ ਇਸ ਨਾਂ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਇਆ।
ਖੇਡਾਂ ਵਿਚ ਉਨ੍ਹਾਂ ਦੇ ਅਨੌਖੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ, ਭਾਰਤ ਦਾ ਚੌਥਾ ਸਰਵਉਚ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਹੈ।