MS Dhoni Birthday: ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਇਕ ਛੋਟੇ ਜਿਹੇ ਸ਼ਹਿਰ ਤੋਂ ਆ ਕੇ ਧੋਨੀ ਨੇ ਨਾ ਸਿਰਫ਼ ਕ੍ਰਿਕਟ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕੀਤੇ, ਸਗੋਂ ਉਹ ਪਿਛਲੇ 16 ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਧੋਨੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਹ ਸਾਰੀਆਂ ਖੁਸ਼ੀਆਂ ਮਿਲੀਆਂ, ਜੋ ਕੋਈ ਹੋਰ ਕਪਤਾਨ ਨਹੀਂ ਦੇ ਸਕਿਆ ਸੀ।

ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਲਗਭਗ ਇਕ ਸਾਲ ਬਾਅਦ ਵੀ ਧੋਨੀ ਦਾ ਪ੍ਰਸ਼ੰਸਕਾਂ ਪ੍ਰਤੀ ਜਾਦੂ ਘੱਟ ਨਹੀਂ ਹੋਇਆ ਹੈ। ਇਸ ਦਾ ਕਾਰਨ ਵੀ ਸਪਸ਼ਟ ਹੈ। ਧੋਨੀ ਨੇ ਸਾਲ 2007 'ਚ ਟੀਮ ਦੀ ਕਪਤਾਨੀ ਸੰਭਾਲਦੇ ਹੀ ਨੌਜਵਾਨ ਖਿਡਾਰੀਆਂ ਦੇ ਜ਼ੋਰ 'ਤੇ ਪਹਿਲਾ ਟੀ20 ਵਰਲਡ ਕੱਪ ਭਾਰਤ ਦੀ ਝੋਲੀ 'ਚ ਪਾਇਆ ਸੀ। ਇਸ ਤੋਂ ਬਾਅਦ ਤਾਂ ਮੰਨੋ ਭਾਰਤੀ ਟੀਮ ਦੇ ਅੱਗੇ ਵਧਣ ਦਾ ਸਿਲਸਿਲਾ ਸ਼ੁਰੂ ਹੀ ਹੋ ਗਿਆ। ਅਗਲੇ ਸਾਲ 2008 'ਚ ਟੀਮ ਇੰਡੀਆ ਧੋਨੀ ਦੀ ਅਗਵਾਈ 'ਚ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਨੰਬਰ-1 ਬਣਨ 'ਚ ਕਾਮਯਾਬ ਰਹੀ।



ਭਾਰਤ ਨੂੰ ਦਿੱਤੀ ਸੱਭ ਤੋਂ ਵੱਡੀ ਖੁਸ਼ੀ
ਪਰ ਪ੍ਰਸ਼ੰਸਕਾਂ ਨੂੰ ਅਜੇ ਵੀ ਧੋਨੀ ਵੱਲੋਂ ਮਿਲਣ ਵਾਲੀ ਅਸਲ ਖੁਸ਼ੀ ਦਾ ਇੰਤਜ਼ਾਰ ਸੀ। ਧੋਨੀ ਨੇ ਪ੍ਰਸ਼ੰਸਕਾਂ ਨੂੰ ਉਹ ਖੁਸ਼ੀ ਆਪਣੇ ਖਾਸ ਤਰੀਕੇ ਨਾਲ ਦਿੱਤੀ। 2 ਅਪ੍ਰੈਲ 2011 ਨੂੰ ਵਾਨਖੇੜੇ ਸਟੇਡੀਅਮ 'ਚ ਜਿਵੇਂ ਹੀ ਧੋਨੀ ਨੇ ਕੁਲਸ਼ੇਖਰਾ ਦੀ ਗੇਂਦ ਨੂੰ 6 ਦੌੜਾਂ ਲਈ ਬਾਉਂਡਰੀ ਪਾਰ ਭੇਜਿਆ ਤਾਂ ਪੂਰਾ ਦੇਸ਼ ਖੁਸ਼ੀ 'ਚ ਸੀ। ਮੌਕਾ ਬਹੁਤ ਖਾਸ ਸੀ। 28 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਟੀਮ ਇੰਡੀਆ ਫਿਰ ਵਰਲਡ ਕੱਪ ਆਪਣੇ ਨਾਮ ਕਰਨ 'ਚ ਸਫਲ ਰਹੀ ਸੀ। 10 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਸ਼ਾਟ ਨਾਲ ਜੁੜੀਆਂ ਯਾਦਾਂ ਪ੍ਰਸ਼ੰਸਕਾਂ ਦੇ ਮਨਾਂ 'ਚ ਅਜੇ ਵੀ ਤਾਜ਼ਾ ਹਨ।

ਹਾਲਾਂਕਿ ਧੋਨੀ ਨੂੰ ਕੌਮਾਂਤਰੀ ਕ੍ਰਿਕਟ ਤੋਂ ਉਹੋ ਜਿਹੀ ਵਿਦਾਈ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ। ਸਾਲ 2019 ਦੇ ਇਕ ਰੋਜ਼ਾ ਵਿਸ਼ਵ ਕੱਪ 'ਚ ਭਾਰਤ ਨੂੰ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਧੋਨੀ ਉਸ ਮੈਚ 'ਚ ਰਨ ਆਊਟ ਹੋ ਕੇ ਪੈਵੇਲੀਅਨ ਪਰਤੇ ਅਤੇ ਫਿਰ ਉਸ ਨੇ ਫਿਰ ਕਦੇ ਟੀਮ ਇੰਡੀਆ ਦੀ ਜਰਸੀ ਨਹੀਂ ਪਾਈ।

ਆਪਣੇ ਹੀ ਅੰਦਾਜ਼ 'ਚ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਲਗਭਗ ਇਕ ਸਾਲ ਤਕ ਧੋਨੀ ਦੀ ਟੀਮ 'ਚ ਵਾਪਸੀ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਧੋਨੀ ਇਕ ਵਾਰ ਫਿਰ 2020 ਟੀ-20 ਵਿਸ਼ਵ ਕੱਪ 'ਚ ਭਾਰਤ ਲਈ ਖੇਡਦੇ ਨਜ਼ਰ ਆਉਣਗੇ। ਪਰ ਵਿਸ਼ਵ ਕੱਪ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਗਿਆ। ਧੋਨੀ ਨੇ ਆਪਣੇ ਹੀ ਅੰਦਾਜ਼ 'ਚ 15 ਅਗਸਤ 2020 ਨੂੰ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ। ਕੌਮਾਂਤਰੀ ਕ੍ਰਿਕਟ ਤੋਂ ਵਿਦਾਈ ਮੌਕੇ ਧੋਨੀ ਨੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਯਾਦ ਕੀਤਾ, ਜੋ ਉਨ੍ਹਾਂ ਦੇ ਸਾਥੀ ਰਹੇ।

ਖੇਡ ਰਹੇ ਹਨ ਆਖਰੀ ਪਾਰੀ
ਧੋਨੀ ਨੂੰ ਅਜੇ ਵੀ ਕ੍ਰਿਕਟ ਜਗਤ ਦਾ ਸਭ ਤੋਂ ਸਫ਼ਲ ਕਪਤਾਨ ਮੰਨਿਆ ਜਾਂਦਾ ਹੈ। ਧੋਨੀ ਦੀ ਅਗਵਾਈ 'ਚ ਭਾਰਤ 200 'ਚੋਂ 110 ਵਨਡੇ ਜਿੱਤਣ 'ਚ ਕਾਮਯਾਬ ਰਿਹਾ। ਆਈਪੀਐਲ 'ਚ ਵੀ ਧੋਨੀ ਨੇ ਚੇਨਈ ਸੁਪਰ ਕਿੰਗਜ਼ ਨੂੰ ਸਭ ਤੋਂ ਮਸ਼ਹੂਰ ਅਤੇ ਸਫਲ ਟੀਮ ਬਣਾਇਆ। ਧੋਨੀ ਦੀ ਅਗਵਾਈ 'ਚ ਸੀਐਸਕੇ 8 ਵਾਰ ਫਾਈਨਲ 'ਚ ਪਹੁੰਚੀ ਅਤੇ ਤਿੰਨ ਵਾਰ ਜੇਤੂ ਬਣਨ 'ਚ ਕਾਮਯਾਬ ਰਹੀ।

40 ਸਾਲ ਦੀ ਉਮਰ 'ਚ ਵੀ ਧੋਨੀ ਦਾ ਉਤਸ਼ਾਹ ਬਿਲਕੁਲ ਘੱਟ ਨਹੀਂ ਹੋਇਆ ਹੈ ਤੇ ਉਹ ਆਈਪੀਐਲ 'ਚ ਸੀਐਸਕੇ ਦੀ ਅਗਵਾਈ ਕਰ ਰਹੇ ਹਨ। ਪਿਛਲੇ ਸਾਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਸਬਕ ਲੈਂਦਿਆਂ ਧੋਨੀ ਨੇ ਇਸ ਸਾਲ ਸੀਐਸਕੇ ਨੂੰ ਨਵਾਂ ਜੋਸ਼ ਦਿੱਤਾ। ਧੋਨੀ ਨੇ ਹਾਲਾਂਕਿ ਸੰਕੇਤ ਦਿੱਤਾ ਹੈ ਕਿ ਆਈਪੀਐਲ-14 ਤੋਂ ਬਾਅਦ ਉਹ ਆਪਣੇ ਆਪ ਨੂੰ ਕ੍ਰਿਕਟ ਦੇ ਮੈਦਾਨ ਤੋਂ ਪੂਰੀ ਤਰ੍ਹਾਂ ਦੂਰ ਕਰ ਸਕਦੇ ਹਨ।