Neeraj Chopra: ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਿਆ ਹੈ। ਚੋਪੜਾ ਸੋਮਵਾਰ ਨੂੰ ਪੁਰਸ਼ ਜੈਵਲਿਨ ਵਿੱਚ ਵਿਸ਼ਵ ਦੇ ਨਵੇਂ ਨੰਬਰ 1 ਥਰੋਅਰ ਬਣੇ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲਾ ਅਥਲੀਟ ਬਣ ਗਏ ਹਨ। ਨੀਰਜ ਚੋਪੜਾ ਨੇ ਮਹਾਨ ਐਥਲੀਟ ਐਂਡਰਸਨ ਪੀਟਰਸ ਨੂੰ ਪਿੱਛੇ ਛੱਡ ਕੇ ਇਹ ਉਪਲਬਧੀ ਹਾਸਲ ਕੀਤੀ।


ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ


ਨੀਰਜ ਚੋਪੜਾ (neeraj chopra) ਨੇ 2021 ਟੋਕੀਓ ਓਲੰਪਿਕ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ ਸੀ। ਉਹ ਐਥਲੈਟਿਕਸ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ। ਚੋਪੜਾ ਨੇ ਫਿਰ 87.58 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਭਾਰਤੀ ਖੇਡਾਂ ਦੇ ਇਤਿਹਾਸ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਕਰਾ ਲਿਆ।


ਇਹ ਵੀ ਪੜ੍ਹੋ: Shubhman Gill: ਸ਼ੁਭਮਨ ਗਿੱਲ ਬਾਰੇ ਸੌਰਵ ਗਾਂਗੁਲੀ ਨੇ ਕਹੀ ਅਜਿਹੀ ਗੱਲ, ਵਾਇਰਲ ਹੋਇਆ ਗਾਂਗੁਲੀ ਦਾ ਟਵੀਟ


ਨੀਰਜ ਚੋਪੜਾ ਨੇ ਓਲੰਪਿਕ ਤੋਂ ਮਿਲੀ ਸਫਲਤਾ ਨੂੰ ਹੋਰ ਮੁਕਾਬਲਿਆਂ ਵਿੱਚ ਵੀ ਜਾਰੀ ਰੱਖਿਆ


ਨੀਰਜ ਚੋਪੜਾ ਨੇ ਓਲੰਪਿਕ ਤੋਂ ਮਿਲੀ ਸਫਲਤਾ ਨੂੰ ਹੋਰ ਮੁਕਾਬਲਿਆਂ ਵਿੱਚ ਵੀ ਜਾਰੀ ਰੱਖਿਆ। ਜ਼ਿਊਰਿਖ 'ਚ ਵੱਕਾਰੀ ਡਾਇਮੰਡ ਲੀਗ 'ਚ ਨੀਰਜ ਚੋਪੜਾ ਨੇ 89.63 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ। ਉਦੋਂ ਤੋਂ ਜੈਵਲਿਨ ਮੁਕਾਬਲੇ ਵਿੱਚ ਨੀਰਜ ਚੋਪੜਾ ਦਾ ਨਾਂ ਲਗਾਤਾਰ ਵਧਦਾ ਗਿਆ।


ਇਦਾਂ ਨੰਬਰ-1 ਬਣੇ ਨੀਰਜ ਚੋਪੜਾ


ਚੋਪੜਾ ਨੇ ਦੋਹਾ ਡਾਇਮੰਡ ਲੀਗ 'ਚ 88.67 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਈਵੈਂਟ ਜਿੱਤਿਆ। ਇਸ ਪ੍ਰਦਰਸ਼ਨ ਦੀ ਬਦੌਲਤ ਚੋਪੜਾ ਨੂੰ ਰੈਂਕਿੰਗ 'ਚ ਨੰਬਰ-1 ਦਾ ਸਥਾਨ ਮਿਲਿਆ ਹੈ। ਇਸ ਈਵੈਂਟ ਵਿੱਚ ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਜੈਕਬ ਵਾਡਲੇਚ ਦੂਜੇ ਸਥਾਨ ’ਤੇ ਰਹੇ। ਉਨ੍ਹਾਂ ਨੇ 88.63 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟਿਆ। ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ 85.88 ਮੀਟਰ ਥਰੋਅ ਨਾਲ ਤੀਜੇ ਸਥਾਨ 'ਤੇ ਰਹੇ। ਈਵੈਂਟ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨੀਰਜ ਚੋਪੜਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ 2024 'ਚ ਹੋਣ ਵਾਲੀਆਂ ਪੈਰਿਸ ਓਲੰਪਿਕ 'ਚ ਇਸ ਨਿਰੰਤਰਤਾ ਨੂੰ ਬਰਕਰਾਰ ਰੱਖਣਾ ਹੈ।


ਇਹ ਵੀ ਪੜ੍ਹੋ: IPL 2023: ਧੋਨੀ ਦੀ ਕਪਤਾਨੀ ਦੇ ਮੁਰੀਦ ਹਨ ਬੇਨ ਸਟੋਕਸ, CSK ਦੇ ਨਾਲ ਖੇਡਣ ‘ਤੇ ਖੋਲ੍ਹਿਆ ਦਿਲ ਦਾ ਰਾਜ