Schedule, Tokyo Olympic 2020: ਓਲੰਪਿਕ ਵਿੱਚ ਪੂਰੀ ਦੁਨੀਆ ਨੇ ਭਾਰਤੀ ਖਿਡਾਰੀਆਂ ਦਾ ਪਹਿਲਵਾਨੀ ਤੋਂ ਲੈ ਕੇ ਹਾਕੀ ਤੱਕ ਪ੍ਰਦਰਸ਼ਨ ਤਾਂ ਦੇਖ ਹੀ ਲਿਆ, ਪਰ ਹਾਲੇ ਵੀ ਭਾਰਤ ਕੋਲ ਬੇਹੱਦ ਖ਼ਾਸ ਮੌਕਾ ਬਾਕੀ ਹੈ। ਇਹ ਮੌਕਾ ਹੈ ਅਥਲੈਟਿਕਸ ਦੇ ਨੇਜਾ ਸੁੱਟ ਭਾਵ ਜੈਵਲਿਨ ਥਰੋਅ ਵਿੱਚ। ਭਾਰਤ ਦਾ ਸਟਾਰ ਅਥਲੀਟ ਨੀਰਜ ਚੋਪੜਾ ਭਲਕੇ ਆਪਣੀ ਕਿਸਮਤ ਅਜ਼ਮਾਏਗਾ।
ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ ਸਾਢੇ ਚਾਰ ਵਜੇ ਨੀਰਜ ਚੋਪੜਾ ਦੀ ਖੇਡ ਸ਼ੁਰੂ ਹੋਵੇਗੀ। ਨੀਰਜ ਇਸ ਸਮੇਂ ਵਿਸ਼ਵ ਭਰ ਵਿੱਚੋਂ ਚੌਥੇ ਸਥਾਨ ‘ਤੇ ਹੈ ਪਰ ਓਲੰਪਿਕ ਦੇ ਚੋਣ ਗੇੜ ਯਾਨੀ ਕਿ ਕੁਆਲੀਫਾਇੰਗ ਰਾਊਂਡ ਵਿੱਚ ਹੀ ਉਸ ਨੇ ਕਮਾਲ ਕਰ ਦਿਖਾਇਆ ਸੀ। ਚੋਪੜਾ ਨੇ ਚੋਣ ਗੇੜ ਵਿੱਚ ਪਹਿਲੀ ਸੱਟੇ ਹੀ 86.65 ਮੀਟਰ ਦੂਰ ਨੇਜਾ ਸੁੱਟ ਕੇ ਆਪਣੀ ਥਾਂ ਫਾਈਨਲ ਵਿੱਚ ਹੀ ਪੱਕੀ ਕਰ ਲਈ। ਓਲੰਪਿਕ ਦੇ ਜੈਵਲਿਨ ਥਰੋਅ ਵਿੱਚ ਚੁਣੇ ਜਾਣ ਲਈ ਖਿਡਾਰੀਆਂ ਨੇ 83.50 ਮੀਟਰ ਦੂਰ ਨੇਜਾ ਸੁੱਟ ਕੇ ਦਿਖਾਉਣਾ ਸੀ, ਜਿਸ ਨੂੰ ਨੀਰਜ ਚੋਪੜਾ ਨੇ ਬਗ਼ੈਰ ਕਿਸੇ ਪ੍ਰੇਸ਼ਾਨੀ ਦੇ ਸਰ ਕਰ ਲਿਆ।
ਨੀਰਜ ਸਣੇ ਪੂਰੇ ਦਰਜਣ ਖਿਡਾਰੀਆਂ ਨੇ ਆਖ਼ਰੀ ਗੇੜ ਵਿੱਚ ਨੇਜਾ ਸੁੱਟਣਾ ਹੈ। ਹਾਲਾਂਕਿ, ਨੀਰਜ ਚੋਪੜਾ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 88.07 ਮੀਟਰ ਦੂਰ ਨੇਜਾ ਸੁੱਟਿਆ ਹੋਇਆ ਹੈ ਪਰ ਚੈੱਕ ਗਣਰਾਜ ਦੇ ਜੈਕਬ ਵਾਲਦਲੇਕ ਨੇ ਸਭ ਤੋਂ ਵੱਧ 89.73 ਮੀਟਰ ਦੂਰ ਨੇਜਾ ਸੁੱਟ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਲਈ ਭਲਕੇ ਨੀਰਜ ਲਈ ਮੁਕਾਬਲਾ ਬੇਹੱਦ ਸਖ਼ਤ ਹੋਵੇਗਾ ਅਤੇ ਸਾਰੇ ਖੇਡ ਪ੍ਰੇਮੀਆਂ ਨੂੰ ਆਸ ਵੀ ਹੈ ਕਿ ਨੀਰਜ ਚੋਪੜਾ ਭਾਰਤ ਲਈ ਇੱਕ ਹੋਰ ਤਗ਼ਮਾ ਜਿੱਤ ਕੇ ਲਿਆਵੇ।
ਅਥਲੈਟਿਕਸ ਤੋਂ ਇਲਾਵਾ 65 ਕਿੱਲੋ ਭਾਰ ਵਰਗ ਦੀ ਕੁਸ਼ਤੀ ਵਿੱਚ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਕਾਂਸੇ ਦੇ ਤਗ਼ਮੇ ਲਈ ਅਖਾੜੇ ਵਿੱਚ ਨਿੱਤਰੇਗਾ। ਪੂਨੀਆ ਨਾਲ ਮੈਚ ਕਿਸ ਭਲਵਾਨ ਦਾ ਹੋਵੇਗਾ ਅਤੇ ਕਦੋਂ ਹੋਵੇਗਾ, ਇਹ ਫਿਲਹਾਲ ਤੈਅ ਨਹੀਂ ਹੋਇਆ। ਜੇਕਰ ਪੂਨੀਆ ਇਹ ਤਗ਼ਮਾ ਜਿੱਤਦਾ ਹੈ ਤਾਂ ਦੇਸ਼ ਲਈ ਇਹ ਚੌਥਾ ਕਾਂਸੇ ਦਾ ਅਤੇ ਕੁੱਲ ਛੇਵਾਂ ਤਗ਼ਮਾ ਹੋਵੇਗਾ।
ਇਸ ਤੋਂ ਇਲਾਵਾ ਓਲੰਪਿਕ ਵਿੱਚ ਹੋਰ ਵੀ ਅਹਿਮ ਮੁਕਾਬਲੇ ਹੋਣੇ ਹਨ, ਜੋ ਹੇਠ ਦਿੱਤੇ ਮੁਤਾਬਕ ਹੋਣਗੇ (ਖੇਡਾਂ ਭਾਰਤੀ ਸਮੇਂ ਮੁਤਾਬਕ ਹੋਣੀਆਂ ਹਨ) -
ਰਾਤ ਢਾਈ ਵਜੇ - ਅਥਲੈਟਿਕਸ - ਮਹਿਲਾਵਾਂ ਦੀ ਮੈਰਾਥਨ ਦੌੜ
ਸਵੇਰੇ ਤਿੰਨ ਵਜੇ - ਗੌਲਫ - ਦੀਪਿਕਾ ਡਾਗਰ ਚੌਥੇ ਰਾਊਂਡ ਦੀ ਖੇਡ ਖੇਡੇਗੀ
ਸਵੇਰੇ ਛੇ ਵਜੇ - ਵਾਟਰ ਪੋਲੋ - ਚੀਨ ਬਨਾਮ ਕੈਨੇਡਾ
ਸਵੇਰੇ ਸਵਾ ਛੇ ਵਜੇ - ਕਿਸ਼ਤੀ ਚਾਲਨ - ਪੁਰਸ਼ ਤੇ ਸਵੇਰੇ ਅੱਠ ਵਜੇ ਮਹਿਲਾਵਾਂ
ਸਵੇਰੇ ਸਾਢੇ ਛੇ ਵਜੇ - ਚੁੱਭੀ ਮਾਰ (ਡਾਈਵਿੰਗ) ਮੁਕਾਬਲੇ - ਪੁਰਸ਼ 10 ਮੀਟਰ ਸ਼ੈਲੀ
ਸਵੇਰੇ ਅੱਠ ਵਜੇ - ਬੀਚ ਵਾਲੀਬਾਲ - ਸੋਨ ਤਗ਼ਮੇ ਲਈ ਟੱਕਰ - ਨਾਰਵੇ ਬਨਾਮ ਰੂਸ (ਰਸ਼ੀਅਨ ਓਲੰਪਿਕ ਕਮੇਟੀ)
ਵਧੇਰੇ ਵੇਰਵਿਆਂ ਲਈ ਓਲੰਪਿਕ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਇਆ ਜਾ ਸਕਦਾ ਹੈ।