ਮਹਿਤਾਬ-ਉਦ-ਦੀਨ


ਚੰਡੀਗੜ੍ਹ: ਇਸ ਵਾਰ ਭਾਰਤ ਦੀ ਹਾਕੀ ਟੀਮ (Indian Hockey Team) ਨੇ ਟੋਕੀਓ ਉਲੰਪਿਕਸ (Tokyo Olympics) ’ਚ ਕਾਂਸੀ ਦਾ ਤਮਗ਼ਾ (Bronze Medal) ਜਿੱਤ ਕੇ ਇਤਿਹਾਸ ਰਚਿਆ ਕਿਉਂਕਿ ਪਿਛਲੇ 41 ਸਾਲਾਂ ਤੋਂ ਭਾਰਤ ਹਾਕੀ ’ਚ ਕੋਈ ਵੀ ਤਮਗ਼ਾ ਨਹੀਂ ਸੀ ਜਿੱਤ ਸਕਿਆ। ਇੰਝ ਇਸ ਵਾਰ ਹਾਕੀ ਤਮਗ਼ਿਆਂ ਦਾ ਇਹ ਸੋਕਾ ਦੂਰ ਹੋਇਆ ਪਰ ਕੀ ਤੁਸੀਂ ਜਾਣਦੇ ਹੋ ਕਿ ਐਤਕੀਂ ਤਾਂ ਹਾਕੀ ਟੀਮ ਦਾ ਕੋਈ ਪ੍ਰਾਯੋਜਕ (Sponsor) ਵੀ ਨਹੀਂ ਸੀ ਬਚਿਆ। ਜੇ ਕਿਤੇ ਮੁੱਖ ਮੰਤਰੀ ਨਵੀਨ ਪਟਨਾਇਕ (Naveen Patnaik) ਦੀ ਅਗਵਾਈ ਹੇਠਲੀ ਓਡੀਸ਼ਾ ਸਰਕਾਰ (Odisha Government) ਐਨ ਮੌਕੇ ’ਤੇ ਹਾਲਾਤ ਨਾ ਸੰਭਾਲ਼ਦੀ, ਤਾਂ ਸ਼ਾਇਦ ‘ਟੋਕੀਓ ਉਲੰਪਿਕਸ 2020’ ਇਹ ਟੀਮ ਭਾਗ ਹੀ ਨਾ ਲੈ ਪਾਉਂਦੀ।


ਦੱਸ ਦੇਈਏ ਕਿ 74 ਸਾਲਾ ਨਵੀਨ ਪਟਨਾਇਕ ਪਿਛਲੇ 21 ਸਾਲਾਂ ਤੋਂ ਓਡੀਸ਼ਾ ਦੇ ਮੁੱਖ ਮੰਤਰੀ ਹਨ। ਬੀਤੀ 3 ਅਗਸਤ ਨੂੰ ਜਦੋਂ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀ ਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ, ਤਦ ਪਟਨਾਇਕ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਖੜ੍ਹੇ ਹੋ ਕੇ ਦੇਸ਼ ਦੀ ਹਾਕੀ ਟੀਮ ਦਾ ਅਭਿਨੰਦਨ ਕਰਦੇ ਵਿਖਾਈ ਦੇ ਰਹੇ ਸਨ। ਫਿਰ ਜਦੋਂ ਕੱਲ੍ਹ 5 ਅਗਸਤ ਨੂੰ ਦੇਸ਼ ਦੀ ਹਾਕੀ ਟੀਮ ਨੇ ਆਪਣਾ ਕਾਂਸੇ ਦਾ ਤਮਗ਼ਾ ਪੱਕਾ ਕਰ ਲਿਆ ਸੀ, ਤਦ ਵੀ ਨਵੀਨ ਪਟਨਾਇਕ ਬੇਹੱਦ ਖ਼ੁਸ਼ ਸਨ ਕਿਉਂਕਿ ਇਹ ਜਿੱਤ ਬੇਮਿਸਾਲ ਤੇ ਇਤਿਹਾਸਕ ਸੀ।




ਦਰਅਸਲ, ਓਡੀਸ਼ਾ ਸਰਕਾਰ ਭਾਰਤ ਦੀ ਪੁਰਸ਼ ਹਾਕੀ ਟੀਮ ਤੇ ਮਹਿਲਾ ਹਾਕੀ ਟੀਮ ਦੋਵਾਂ ਦੀ ਸਾਲ 2018 ਤੋਂ ਸਪਾਂਸਰ ਹੈ। ‘ਸਹਾਰਾ ਗਰੁੱਪ’ ਨੇ ਅਚਾਨਕ ਭਾਰਤੀ ਹਾਕੀ ਟੀਮ ਦੀ ਸਪਾਂਸਰਸ਼ਿਪ ਤੋਂ ਆਪਣੇ ਪੈਰ ਪਿਛਾਂਹ ਖਿੱਚ ਲਏ ਸਨ। ਅਜਿਹੇ ਔਖੇ ਵੇਲੇ ਨਵੀਨ ਪਟਨਾਇਕ ਸਰਕਾਰ ਨੇ ਦੋਵੇਂ ਟੀਮਾਂ ਉੱਤੇ ਪੰਜ ਸਾਲਾਂ ਦੌਰਾਨ 120 ਕਰੋੜ ਰੁਪਏ ਖ਼ਰਚ ਕਰਨ ਦਾ ਇਕਰਾਰ (ਕੌਂਟ੍ਰੈਕਟ) ਕੀਤਾ ਸੀ।


ਟੀਮਾਂ ਲਈ ਬੁਨਿਆਦੀ ਢਾਂਚਾ ਸਿਰਜਣ, ਲੌਜਿਸਟੀਕਲ ਸਪੋਰਟ, ਖਿਡਾਰੀਆਂ ਤੇ ਕੋਚਾਂ ਦੇ ਰਹਿਣ-ਸਹਿਣ, ਖਿਡਾਰੀਆਂ ਦੀ ਸਿਖਲਾਈ, ਸਿੱਖਿਆ ਤੇ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਕਾਫ਼ੀ ਧਨ ਦੀ ਲੋੜ ਪੈਂਦੀ ਹੈ। ਇਹ ਸਾਰਾ ਖ਼ਰਚਾ ਪਿਛਲੇ ਤਿੰਨ ਸਾਲਾਂ ਤੋਂ ਓਡੀਸ਼ਾ ਸਰਕਾਰ ਦੇ ਖ਼ਜ਼ਾਨੇ ’ਚੋਂ ਹੋ ਰਿਹਾ ਹੈ। ਓਡੀਸ਼ਾ ਦੇ ਖੇਡ ਮੰਤਰੀ ਤੁਸ਼ਾਰਕਾਂਤੀ ਬੇਹੜਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਵਰ੍ਹੇ ਖੇਡਾਂ ਲਈ ਫ਼ੰਡ ਨੁੰ 265 ਕਰੋੜ ਰੁਪਏ ਸਾਲਾਨਾ ਤੋਂ ਵਧਾ ਕੇ 370 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਹੈ।


ਇੰਡੀਆ ਟੂਡੇ’ ਦੀ ਰਿਪੋਰਟ ਅਨੁਸਾਰ ਸਾਲ 2018 ’ਚ ਪੱਤਰਕਾਰਾਂ ਨੇ ਜਦੋਂ ਨਵੀਨ ਪਟਨਾਇਕ ਤੋਂ ਪੁੱਛਿਆ ਸੀ ਕਿ ਭਾਰਤੀ ਹਾਕੀ ਟੀਮ ਦੀ ਜਿਹੜੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ, ਉਹ ਤੁਸੀਂ ਕਿਉਂ ਲਈ; ਤਾ ਉਨ੍ਹਾਂ ਇਹੋ ਜਵਾਬ ਦਿੱਤਾ ਸੀ, ‘ਕਿਸੇ ਨੇ ਤਾਂ ਇਹ ਜ਼ਿੰਮੇਵਾਰੀ ਲੈਣਾ ਹੀ ਸੀ। ਦੇਸ਼ ਤੇ ਖੇਡ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।’


ਉਸ ਤੋਂ ਬਾਅਦ ਓਡੀਸ਼ਾ ਸੂਬੇ ਦੇ ਬੱਚੇ-ਬੱਚੇ ਦੇ ਹੱਥ ਵਿੱਚ ਹਾਕੀ ਆ ਗਈ ਹੈ। ਉਹ ਗਲ਼ੀਆਂ ’ਚ ਜਾਂ ਤਾ ਅਸਲ ਹਾਕੀ ਸਟਿੱਕ ਨਾਲ ਤੇ ਜਾਂ ਕਿਸੇ ਬਾਂਸ ਜਾਂ ਰੁੱਖ ਦੀ ਟਹਿਣੀ ਨੂੰ ਹਾਕੀ ਬਣਾ ਕੇ ਖੇਡਦੇ ਅਕਸਰ ਵਿਖਾਈ ਦੇ ਜਾਂਦੇ ਹਨ। ਇਸੇ ਲਈ ਓਡੀਸ਼ਾ ’ਚ ਅੱਜ-ਕੱਲ੍ਹ ਇੱਕ ਲਤੀਫ਼ਾ ਵੀ ਪ੍ਰਚਲਿਤ ਹੋ ਗਿਆ ਹੈ ਕਿ ਇੱਕ ਲਾੜੇ ਕੋਲ਼ ਨੌਕਰੀ ਜਾਂ ਜਾਇਦਾਦ ਹੋਵੇ ਭਾਵੇਂ ਨਾ ਪਰ ਉਸ ਕੋਲ ਹਾਕੀ ਦੇ ਤਮਗ਼ੇ ਜ਼ਰੂਰ ਹੋਣੇ ਚਾਹੀਦੇ ਹਨ ਤੇ ਜੇ ਉਹ ਨਹੀਂ ਤਾਂ ਉਸ ਨੇ ਹਾਕੀ ਦੀ ਖੇਡ ਵਿੱਚ ਗੋਲ਼ ਜ਼ਰੂਰ ਕੀਤੇ ਹੋਣੇ ਚਾਹੀਦੇ ਹਨ।


ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਬਾਰੇ ਬੋਲੇ ਸਿੱਧੂ, ਕਿਹਾ - ਪੰਜਾਬ ਸਰਕਾਰ ਅਤੇ ਕਾਂਗਰਸ ਕਿਸਾਨਾਂ ਦੇ ਨਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904