Vinesh Phogat Disqualified: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਬੀਤੇ ਦਿਨੀਂ ਯਾਨੀਕਿ ਮੰਗਲਵਾਰ ਨੂੰ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਹੁਣ ਅਚਾਨਕ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਵਿਨੇਸ਼ 50 ਕਿਲੋ ਤੋਂ ਘੱਟ ਭਾਰ ਨਾ ਹੋਣ ਕਰਕੇ ਉਸ ਨੂੰ ਫਾਈਨਲ ਮੈਚ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਹੁਣ ਭਾਰਤੀ ਇਹ ਸਵਾਲ ਪੁੱਛਣਾ ਚਾਹੁਣਗੇ ਕਿ ਕੀ ਵਿਨੇਸ਼ ਫੋਗਾਟ ਫਾਈਨਲ ਲਈ ਅਯੋਗ ਠਹਿਰਾਏ ਜਾਣ ਤੋਂ ਬਾਅਦ ਵੀ ਕੋਈ ਤਮਗਾ ਜਿੱਤ ਸਕੇਗੀ ਜਾਂ ਨਹੀਂ?


ਯੂਨਾਈਟਿਡ ਵਰਲਡ ਰੈਸਲਿੰਗ (UWW) ਦੇ ਅਨੁਸਾਰ, ਨਿਯਮ ਦੱਸਦੇ ਹਨ ਕਿ ਜੇਕਰ ਕੋਈ ਅਥਲੀਟ ਵਜ਼ਨ-ਇਨ ਪ੍ਰਕਿਰਿਆ ਦੀਆਂ ਦੋਵੇਂ ਕੋਸ਼ਿਸ਼ਾਂ ਵਿੱਚ ਵਜ਼ਨ ਸੀਮਾ ਤੋਂ ਉੱਪਰ ਪਾਇਆ ਜਾਂਦਾ ਹੈ। ਇਸ ਲਈ ਉਸ ਅਥਲੀਟ ਨੂੰ ਨਾ ਤਾਂ ਕੋਈ ਤਗਮਾ ਮਿਲੇਗਾ, ਮੁਕਾਬਲੇ ਵਿੱਚੋਂ ਬਾਹਰ ਕੀਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਕੋਈ ਰੈਂਕ ਦਿੱਤਾ ਜਾਵੇਗਾ। ਸਾਫ ਸ਼ਬਦਾਂ 'ਚ ਕਹੀਏ ਤਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 'ਚ ਕੋਈ ਤਮਗਾ ਨਹੀਂ ਜਿੱਤ ਸਕੇਗੀ।



ਇਸ ਦਾ ਮਤਲਬ ਹੈ ਕਿ ਫਾਈਨਲ 'ਚ ਪਹੁੰਚਣ ਦੇ ਬਾਵਜੂਦ ਵਿਨੇਸ਼ ਨੂੰ ਬਿਨਾਂ ਤਮਗੇ ਦੇ ਘਰ ਪਰਤਣਾ ਹੋਵੇਗਾ। ਗੋਲਡ ਹਾਸਿਲ ਕਰਨਾ ਭੁੱਲਣਾ ਪਵੇਗਾ, ਫਾਈਨਲ 'ਚ ਪਹੁੰਚਣ ਦੇ ਬਾਵਜੂਦ ਹੁਣ ਉਨ੍ਹਾਂ ਨੂੰ ਚਾਂਦੀ ਅਤੇ ਕਾਂਸੀ ਦਾ ਤਗਮਾ ਵੀ ਗੁਆਉਣਾ ਪਵੇਗਾ।


ਮੰਗ ਨੂੰ ਰੱਦ ਕਰ ਦਿੱਤਾ


ਤੁਹਾਨੂੰ ਦੱਸ ਦੇਈਏ ਕਿ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਵਿਨੇਸ਼ ਫੋਗਾਟ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਕੋਚ ਨਾਲ ਅਭਿਆਸ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਤੇ ਸਵੇਰੇ ਉੱਠਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਵਜ਼ਨ ਤੈਅ ਸੀਮਾ ਤੋਂ ਕਰੀਬ 2 ਕਿਲੋ ਵੱਧ ਹੈ। ਆਪਣੇ ਵਜ਼ਨ ਨੂੰ ਕੰਟਰੋਲ 'ਚ ਰੱਖਣ ਲਈ ਉਸ ਨੇ ਖਾਣਾ ਨਹੀਂ ਖਾਧਾ ਅਤੇ ਨਾ ਹੀ ਜ਼ਿਆਦਾ ਪਾਣੀ ਪੀਤਾ ਪਰ ਫਿਰ ਵੀ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ।


ਵਿਨੇਸ਼ ਫੋਗਾਟ ਦੇ ਕੈਂਪ ਨੇ ਆਪਣਾ ਭਾਰ ਕੰਟਰੋਲ 'ਚ ਲਿਆਉਣ ਲਈ ਕੁਝ ਘੰਟਿਆਂ ਦੀ ਮੰਗ ਕੀਤੀ ਸੀ, ਪਰ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ। ਖੈਰ, ਵਿਨੇਸ਼ ਹੁਣ ਓਲੰਪਿਕ ਤੋਂ ਬਾਹਰ ਹੋ ਗਈ ਹੈ, ਜਿਸ ਨਾਲ ਪੂਰੇ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ।