ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Punjab Sports Minister Gurmeet Singh Meet Hayer) ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੇਡਾਂ ਸਬੰਧੀ ਬਣਾਈਆਂ ਜਾਂਦੀਆਂ ਕੇਂਦਰੀ ਨੀਤੀਆਂ ਵਿੱਚ ਪੰਜਾਬ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ( Gurmeet Singh Meet Hayer) ਨੇ ਕੇਂਦਰੀ ਮੰਤਰੀ ਕੋਲ ਹੋਰ ਵੀ ਕਈ ਮੁੱਦੇ ਚੁੱਕੇ। 


 


 






 


ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ (CM Mann) ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਉਚੇਚੇ ਤੌਰ ’ਤੇ ਯਤਨ ਕਰ ਰਹੀ ਹੈ। ਇਸ ਲਈ ਭਾਰਤ ਸਰਕਾਰ ਨੂੰ ਪੰਜਾਬੀ ਖਿਡਾਰੀਆਂ ਦੀ ਅਥਾਹ ਸਮਰੱਥਾ ਨੂੰ ਦੇਖਦੇ ਹੋਏ ਖੇਡ ਦੇ ਬੁਨਿਆਦੀ ਢਾਂਚੇ ਤੇ ਖੇਡ ਸੈਂਟਰ ਸਣੇ ਖੇਲੋ ਇੰਡੀਆ ਆਦਿ ਸਕੀਮਾਂ ਵਿੱਚ ਪੰਜਾਬ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। 



ਉਨ੍ਹਾਂ ਕਿਹਾ ਕਿ ਹੁਣੇ ਤੋਂ ਹੀ ਅਗਲੇ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੇ 2024 ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਆਰੰਭਣੀ ਹੋਵੇਗੀ। ਖੇਡ ਮੰਤਰੀ ਨੇ ਕਿਹਾ ਕਿ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ ਵਿੱਡੀ ਗਿਣਤੀ ਖਿਡਾਰੀ ਭਾਗ ਲੈ ਰਹੇ ਹਨ ਤੇ ਚਾਰ ਵੇਟਲਿਫਟਰਾਂ ਨੇ ਦੇਸ਼ ਦੇ ਨਾਂ ਤਗ਼ਮੇ ਵੀ ਜਿੱਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ 11 ਖਿਡਾਰੀ ਪੰਜਾਬ ਦੇ ਹਨ।


ਪੰਜਾਬ ਦੇ ਖੇਡ ਮੰਤਰੀ ਨੇ ਠਾਕੁਰ ਨਾਲ ਪੰਜਾਬ ਤੇ ਦੇਸ਼ ਦੀਆਂ ਖੇਡਾਂ ਬਾਰੇ ਗੱਲ ਕਰਦਿਆਂ ਕੌਮਾਂਤਰੀ ਪੱਧਰ ’ਤੇ ਦੇਸ਼ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।