ਚੰਡੀਗੜ੍ਹ: ਗੁਜਰਾਤ ਵਿਖੇ ਸੰਪੰਨ ਹੋਈਆਂ 36ਵੀਆਂ ਨੈਸ਼ਨਲ ਖੇਡਾਂ ਦੇ ਆਖ਼ਰੀ ਦਿਨ ਪੰਜਾਬ ਨੇ ਮੁੱਕੇਬਾਜ਼ੀ ਵਿੱਚ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਨੇ ਕੌਮੀ ਖੇਡਾਂ ਵਿੱਚ ਕੁੱਲ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਨਾਲ ਕੁੱਲ 76 ਤਮਗੇ ਜਿੱਤੇ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ ਟਵੀਟ ਕਰਕੇ ਕਿਹਾ, "ਨੈਸ਼ਨਲ ਖੇਡਾਂ ਦੇ ਆਖ਼ਰੀ ਦਿਨ ਪੰਜਾਬ ਨੇ ਮੁੱਕੇਬਾਜ਼ੀ ਵਿੱਚ 1 ਸੋਨੇ, 2 ਚਾਂਦੀ ਤੇ 3 ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਨੇ ਕੁੱਲ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਨਾਲ ਕੁੱਲ 76 ਤਮਗੇ ਜਿੱਤੇ। ਸਾਰੇ ਜੇਤੂਆਂ ਨੂੰ ਮੁਬਾਰਕਬਾਦ। ਮੁੱਖ ਮੰਤਰੀ ਭਗਵੰਤ ਮਾਨ ਜੀ ਜਲਦ ਹੀ ਜੇਤੂਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਤ ਕਰਨਗੇ।"
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਬਦ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਫ਼ੈਸਲੇ ਤਹਿਤ ਜਲਦ ਹੀ ਕੌਮੀ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਤਰਜੀਹ ਸਦਕਾ ਅਗਲੇ ਸਾਲ ਗੋਆ ਵਿਖੇ ਹੋਣ ਵਾਲੀਆਂ 37ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਗੇ।
ਅੱਜ ਮੁਕਾਬਲਿਆਂ ਦੇ ਆਖ਼ਰੀ ਦਿਨ ਮੁੱਕੇਬਾਜ਼ੀ ਵਿੱਚ ਸਿਮਰਨਜੀਤ ਕੌਰ ਨੇ ਸੋਨੇ, ਮਨਦੀਪ ਕੌਰ ਤੇ ਵਿਜੇ ਕੁਮਾਰ ਨੇ ਚਾਂਦੀ ਅਤੇ ਸਪਰਸ਼ ਕੁਮਾਰ, ਕੋਮਲਪ੍ਰੀਤ ਕੌਰ ਤੇ ਕੰਵਰਪ੍ਰੀਤ ਸਿੰਘ ਨੇ ਕਾਂਸੀ ਦੇ ਤਮਗ਼ੇ ਜਿੱਤੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ