Ranji Trophy 2024: ਰਣਜੀ ਟਰਾਫੀ 2023-24 ਦੇ ਪਲੇਟ ਗਰੁੱਪ ਫਾਈਨਲ ਮੈਚ ਵਿੱਚ ਹੈਦਰਾਬਾਦ ਨੇ ਮੇਘਾਲਿਆ ਨੂੰ 5 ਵਿਕਟਾਂ ਨਾਲ ਹਰਾਇਆ। ਤਿਲਕ ਵਰਮਾ ਦੀ ਕਪਤਾਨੀ ਵਾਲੀ ਹੈਦਰਾਬਾਦ ਟੀਮ ਲਈ ਕੇ ਨਿਤੇਸ਼ ਰੈੱਡੀ ਅਤੇ ਪ੍ਰਗਨਯਾ ਰੈੱਡੀ ਨੇ ਸੈਂਕੜੇ ਜੜੇ। ਇਸ ਦੌਰਾਨ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਜਗਨ ਮੋਹਨ ਰਾਓ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਟੀਮ ਅਗਲੇ 3 ਸਾਲਾਂ 'ਚ ਰਣਜੀ ਟਰਾਫੀ ਜਿੱਤਦੀ ਹੈ ਤਾਂ ਹਰ ਖਿਡਾਰੀ ਨੂੰ 1 ਕਰੋੜ ਰੁਪਏ ਅਤੇ BMW ਕਾਰ ਦਿੱਤੀ ਜਾਵੇਗੀ।
ਦਰਅਸਲ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਜਗਨ ਮੋਹਨ ਰਾਓ ਨੇ ਐਕਸ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਜ਼ਰੀਏ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ 'ਚ ਰਣਜੀ ਟਰਾਫੀ ਜਿੱਤਣ 'ਤੇ ਟੀਮ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਨਕਦ ਅਤੇ 1 BMW ਕਾਰ ਤੋਹਫੇ 'ਚ ਦਿੱਤੀ ਜਾਵੇਗੀ। ਉਨ੍ਹਾਂ ਦੇ ਇਸ ਐਲਾਨ ਦੀ ਖਬਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੂੰ ਵੀ ਇਸ ਪੋਸਟ ਵਿੱਚ ਟੈਗ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹੈਦਰਾਬਾਦ ਦੀ ਕਪਤਾਨੀ ਤਿਲਕ ਵਰਮਾ ਕਰ ਰਹੇ ਹਨ। ਉਨ੍ਹਾਂ ਦੀ ਟੀਮ ਨੇ ਹਾਲ ਹੀ ਵਿੱਚ ਪਲੇਟ ਗਰੁੱਪ ਫਾਈਨਲ ਵਿੱਚ ਮੇਘਾਲਿਆ ਨੂੰ ਹਰਾਇਆ ਹੈ। ਮੇਘਾਲਿਆ ਨੇ ਪਹਿਲੀ ਪਾਰੀ ਵਿੱਚ 304 ਦੌੜਾਂ ਬਣਾਈਆਂ। ਇਸ ਦੌਰਾਨ ਅਕਸ਼ੇ ਚੌਧਰੀ ਨੇ ਅਰਧ ਸੈਂਕੜਾ ਜੜਿਆ। ਦੂਜੀ ਪਾਰੀ ਵਿੱਚ ਟੀਮ ਨੇ 243 ਦੌੜਾਂ ਬਣਾਈਆਂ। ਇਸ ਦੌਰਾਨ ਰਾਜ ਬਿਸਵਾ ਨੇ ਸੈਂਕੜਾ ਲਗਾਇਆ। ਉਸ ਨੇ 114 ਗੇਂਦਾਂ ਦਾ ਸਾਹਮਣਾ ਕਰਦੇ ਹੋਏ 100 ਦੌੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਨੇ ਪਹਿਲੀ ਪਾਰੀ 'ਚ 350 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਟੀਮ ਨੇ 203 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਦੌਰਾਨ ਤਿਲਕ ਨੇ ਅਰਧ ਸੈਂਕੜਾ ਲਗਾਇਆ।
ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਇਨਾਮ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਆਈਪੀਐਲ ਵਿੱਚ ਟੀਮਾਂ ਖਿਡਾਰੀਆਂ ਉੱਤੇ ਕਰੋੜਾਂ ਰੁਪਏ ਖਰਚ ਕਰਦੀਆਂ ਹਨ। ਪਰ ਹੁਣ ਰਣਜੀ ਵਿੱਚ ਇੰਨਾ ਵੱਡਾ ਐਲਾਨ ਚਰਚਾ ਵਿੱਚ ਆ ਗਿਆ ਹੈ।