ਮੁੰਬਈ: ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਨੂੰ 21ਵੀਂ ਸਦੀ ਦਾ ਸਰਬੋਤਮ ਬੱਲੇਬਾਜ਼ ਚੁਣਿਆ ਗਿਆ ਹੈ। ‘ਸਟਾਰ ਸਪੋਰਟਸ’ ਦੇ ਪੋਲ ਵਿੱਚ ਸਚਿਨ ਤੇਂਦੁਲਕਰ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੂੰ 21ਵੀਂ ਸਦੀ ਦੇ ਮਹਾਨ ਬੱਲੇਬਾਜਾਂ ਦੀ ਦੌੜ ਵਿੱਚ ਹਰਾਇਆ। ‘ਸਟਾਰ ਸਪੋਰਟਸ’ ਦੇ ਕਮੈਂਟਰੀ ਪੈਨਲ ਵਿਚ ਵੀਵੀਐਸ ਲਕਸ਼ਮਣ, ਇਰਫਾਨ ਪਠਾਨ ਤੇ ਆਕਾਸ਼ ਚੋਪੜਾ ਵਰਗੇ ਵੱਡੇ ਖਿਡਾਰੀ ਸ਼ਾਮਲ ਸਨ।


 
ਸੁਨੀਲ ਗਾਵਸਕਰ ਨੇ ਕਿਹਾ ਕਿ 21ਵੀਂ ਸਦੀ ਦੇ ਮਹਾਨ ਬੱਲੇਬਾਜ਼ ਦੀ ਦੌੜ ਵਿੱਚ ਸਚਿਨ ਤੇਂਦੁਲਕਰ ਅਤੇ ਕੁਮਾਰ ਸੰਗਕਾਰਾ ਵਿਚਾਲੇ ਸਖਤ ਮੁਕਾਬਲਾ ਹੋਇਆ ਸੀ। ਸਚਿਨ ਤੇਂਦੁਲਕਰ ਨੂੰ ਇਹ ਖਿਤਾਬ ਉਦੋਂ ਮਿਲਿਆ ਜਦੋਂ ਉਹ 8 ਸਾਲ ਪਹਿਲਾਂ 2013 ਵਿੱਚ ਕ੍ਰਿਕਟ ਨੂੰ ਅਲਵਿਦਾ ਆਖ ਚੁੱਕੇ ਹਨ।



 
 

ਸਚਿਨ ਤੇਂਦੁਲਕਰ ਦੇ ਨਾਮ 'ਤੇ ਟੈਸਟ ਕ੍ਰਿਕਟ' ਚ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਹਨ। ਸਚਿਨ ਤੇਂਦੁਲਕਰ ਨੇ ਟੈਸਟ ਕ੍ਰਿਕਟ ਵਿਚ 15,921 ਦੌੜਾਂ ਬਣਾਈਆਂ ਹਨ ਤੇ ਉਹ ਲੰਬੇ ਸਮੇਂ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਸਚਿਨ ਤੇਂਦੁਲਕਰ ਨੇ ਆਪਣੇ ਟੈਸਟ ਕਰੀਅਰ ਵਿਚ 51 ਸੈਂਕੜੇ ਲਗਾਏ ਸਨ। ਜੈਕ ਕੈਲਿਸ ਟੈਸਟ ਕ੍ਰਿਕਟ ਵਿਚ 45 ਸੈਂਕੜੇ ਲਗਾਉਣ ਵਾਲਾ ਦੂਜੇ ਸਭ ਤੋਂ ਵੱਡੇ ਸੈਂਚੁਰੀ ਮਾਸਟਰ ਹਨ।

 

ਸਚਿਨ ਤੇਂਦੁਲਕਰ ਨੇ 17 ਦੀ ਉਮਰ ’ਚ ਲਾਇਆ ਸੀ ਪਹਿਲਾ ਸੈਂਕੜਾ
ਸੰਗਾਕਾਰਾ ਦੇ ਟੈਸਟ ਕ੍ਰਿਕਟ ਵਿਚ ਆਪਣੇ ਨਾਂ 38 ਸੈਂਕੜੇ ਹਨ ਅਤੇ ਉਹ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਹਨ। ਹਾਲਾਂਕਿ, ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਸੰਗਕਾਰ ਛੇਵੇਂ ਸਥਾਨ ਉੱਤੇ ਹਨ।

 

ਸਚਿਨ ਤੇਂਦੁਲਕਰ ਨੇ 16 ਸਾਲ ਦੀ ਉਮਰ ਵਿੱਚ ਆਪਣੇ ਟੈਸਟ ਕ੍ਰਿਕੇਟ ਦੀ ਸ਼ੁਰੂਆਤ ਕਰ ਲਈ ਸੀ। ਇੰਨਾ ਹੀ ਨਹੀਂ, 17 ਸਾਲ ਅਤੇ 107 ਦਿਨ ਦੀ ਉਮਰ ਵਿਚ ਸਚਿਨ ਟੈਸਟ ਕ੍ਰਿਕਟ ਵਿਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਸਨ। ਸਾਲ 2002 ਵਿਚ ਸਚਿਨ ਤੇਂਦੁਲਕਰ ਨੂੰ ਵਿਜਡਨ ਨੇ ਦੁਨੀਆ ਦਾ ਦੂਜਾ ਸਰਬੋਤਮ ਬੱਲੇਬਾਜ਼ ਚੁਣਿਆ ਸੀ।

 
ਸਚਿਨ ਦੁਨੀਆ ਦੇ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੇ ਨਾਮ ਅੰਤਰਰਾਸ਼ਟਰੀ ਕ੍ਰਿਕਟ ਵਿਚ 100 ਸੈਂਕੜੇ ਹਨ। ਵਨ ਡੇਅ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੀ ਦਰਜ ਹੈ।