ਨਵੀਂ ਦਿੱਲੀ: ਉੱਘੇ ਕ੍ਰਿਕੇਟਰ ਸਚਿਤ ਤੇਂਦੁਲਕਰ ਨੇ ਐਤਵਾਰ ਨੂੰ ਕਿਹਾ ਕਿ ਆਪਣੇ 24 ਸਾਲਾਂ ਦੇ ਕਰੀਅਰ ਦੇ ਇੱਕ ਵੱਡੇ ਹਿੱਸੇ ਨੂੰ ਉਨ੍ਹਾਂ ਤਣਾਅ ’ਚ ਰਹਿੰਦਿਆਂ ਬਿਤਾਇਆ ਸੀ। ਉਹ ਬਾਅਦ ’ਚ ਇਹ ਤੱਥ ਸਮਝ ’ਚ ਸਫ਼ਲ ਰਹੇ ਕਿ ਮੈਚ ਤੋਂ ਪਹਿਲਾਂ ਤਣਾਅ ਖੇਡ ਦੀ ਉਨ੍ਹਾਂ ਦੀ ਤਿਆਰੀ ਦਾ ਇੱਕ ਅਹਿਮ ਹਿੱਸਾ ਸੀ। ਕੋਵਿਡ-19 ਦੌਰਾਨ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ’ਚ ਵੱਧ ਸਮਾਂ ਬਿਤਾਉਣ ਨਾਲ ਖਿਡਾਰੀਆਂ ਦੀ ਮਾਨਸਿਕ ਸਿਹਤ ਉੱਤੇ ਪੈ ਰਹੇ ਅਸਰ ਬਾਰੇ ਗੱਲ ਕਰਦਿਆਂ ਮਾਸਟਰ-ਬਲਾਸਟਰ ਨੇ ਕਿਹਾ ਕਿ ਇਸ ਨਾਲ ਨਿਪਟਣ ਲਈ ਇਸ ਦੀ ਪ੍ਰਵਾਨਗੀ ਜ਼ਰੂਰੀ ਹੈ।
ਸਚਿਨ ਤੇਂਦੁਲਕਰ ਨੇ ਕਿਹਾ ਕਿ ਸਮੇਂ ਨਾਲ ਮੈਂ ਮਹਿਸੂਸ ਕੀਤਾ ਕਿ ਖੇਡ ਲਈ ਸਰੀਰਕ ਤੌਰ ਉੱਤੇ ਤਿਆਰੀ ਕਰਨ ਦੇ ਨਾਲ ਤੁਹਾਨੂੰ ਖ਼ੁਦ ਨੂੰ ਮਾਨਸਿਕ ਤੌਰ ’ਤੇ ਵੀ ਤਿਆਰ ਕਰਨਾ ਹੋਵੇਗਾ। ਮੇਰੇ ਦਿਮਾਗ਼ ’ਚ ਮੈਦਾਨ ਵਿੱਚ ਦਾਖ਼ਲ ਹੋਣ ਤੋਂ ਬਹੁਤ ਪਹਿਲਾਂ ਮੈਚ ਸ਼ੁਰੂ ਹੋ ਜਾਂਦਾ ਸੀ। ਤਣਾਅ ਦਾ ਪੱਧਰ ਬਹੁਤ ਜ਼ਿਆਦਾ ਰਹਿੰਦਾ ਸੀ।
ਸਚਿਨ ਤੇਂਦੁਲਕਰ ਅੱਗੇ ਦੱਸਦੇ ਹਨ ਕਿ ਮੈਂ 10-12 ਸਾਲਾਂ ਤੱਕ ਅਜਿਹਾ ਤਣਾਅ ਮਹਿਸੂਸ ਕੀਤਾ। ਮੈਚ ਤੋਂ ਪਹਿਲਾਂ ਕਈ ਵਾਰ ਇੰਝ ਵੀ ਹੋਇਆ ਕਿ ਮੈਂ ਰਾਤ ਭਰ ਸੌਂ ਵੀ ਨਹੀਂ ਸਕਦਾ ਸਾਂ। ਬਾਅਦ ’ਚ ਮੈਂ ਇਹ ਪ੍ਰਵਾਨ ਕਰਨਾ ਸ਼ੁਰੂ ਕੀਤਾ ਕਿ ਇਹ ਮੇਰੀ ਤਿਆਰੀ ਦਾ ਹਿੱਸਾ ਹੈ। ਮੈਂ ਸਮੇਂ ਨਾਲ ਇਹ ਮੰਨ ਲਿਆ ਕਿ ਮੈਨੂੰ ਰਾਤ ਨੂੰ ਸੌਂਦੇ ਸਮੇਂ ਪਰੇਸ਼ਾਨੀ ਹੁੰਦੀ ਸੀ। ਮੈਂ ਆਪਣੇ ਦਿਮਾਗ਼ ਨੂੰ ਸਹਿਜ ਰੱਖਣ ਲਈ ਕੁਝ ਹੋਰ ਕਰਨ ਲੱਗਦਾ ਸਾਂ। ਇਸ ਕੁਝ ਹੋਰ ਵਿੱਚ ਬੱਲੇਬਾਜ਼ੀ ਅਭਿਆਸ, ਟੈਲੀਵਿਜ਼ਨ ਵੇਖਣਾ ਤੇ ਵੀਡੀਓ ਗੇਮਜ਼ ਖੇਡਣ ਤੋਂ ਇਲਾਵਾ ਸਵੇਰੇ ਚਾਹ ਬਣਾਉਣਾ ਵੀ ਸ਼ਾਮਲ ਸੀ।
ਸਚਿਨ ਤੇਂਦੁਲਕਰ ਨੇ ਕਿਹਾ ਕਿ ਖਿਡਾਰੀ ਨੂੰ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਹ ਉਸ ਨੂੰ ਪ੍ਰਵਾਨ ਕਰੇ। ਉਨ੍ਹਾਂ ਕਿਹਾ ਜਦੋਂ ਤੁਹਾਡੇ ਸੱਟ ਲੱਗਦੀ ਹੈ, ਤਾਂ ਡਾਕਟਰ ਜਾਂ ਫ਼ਿਜ਼ੀਓ ਤੁਹਾਡਾ ਇਲਾਜ ਕਰਦੇ ਹਨ। ਮਾਨਸਿਕ ਸਿਹਤ ਦੇ ਮਾਮਲੇ ’ਚ ਵੀ ਇੰਝ ਹੀ ਹੈ। ਕਿਸੇ ਲਈ ਵੀ ਚੰਗੇ-ਮਾੜੇ ਸਮੇਂ ਦਾ ਸਾਹਮਣਾ ਆਮ ਗੱਲ ਹੈ। ਇਸ ਲਈ ਤੁਹਾਨੂੰ ਚੀਜ਼ਾਂ ਪ੍ਰਵਾਨ ਕਰਨੀਆਂ ਹੋਣਗੀਆਂ। ਇਹ ਸਿਰਫ਼ ਖਿਡਾਰੀਆਂ ਲਈ ਨਹੀਂ, ਸਗੋਂ ਜੋ ਉਸ ਨਾਲ ਹੈ, ਉਸ ਉੱਤੇ ਵੀ ਲਾਗੂ ਹੁੰਦੀ ਹੈ।