ਨਵੀਂ ਦਿੱਲੀ : ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਸ ਦੀ ਪੁਸ਼ਟੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਗਾਂਗੁਲੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਸੀ। 





 

ਇਸ ਪੋਸਟ 'ਚ ਉਨ੍ਹਾਂ ਨੇ ਹੁਣ ਤੱਕ ਦੇ ਸਫਰ ਲਈ ਪ੍ਰਸ਼ੰਸਕਾਂ ਅਤੇ ਸਾਥੀ ਖਿਡਾਰੀਆਂ ਦਾ ਧੰਨਵਾਦ ਕੀਤਾ ਹੈ। ਗਾਂਗੁਲੀ ਦੇ ਇਸ ਅਹੁਦੇ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਗਾਂਗੁਲੀ ਦਾ ਕਾਰਜਕਾਲ ਸਤੰਬਰ 2022 ਵਿੱਚ ਖਤਮ ਹੋਣਾ ਸੀ।

ਗਾਂਗੁਲੀ ਨੇ ਟਵਿਟਰ 'ਤੇ ਲਿਖਿਆ, 'ਸਾਲ 2022 ਕ੍ਰਿਕਟ 'ਚ ਮੇਰਾ 30ਵਾਂ ਸਾਲ ਹੈ। ਜਦੋਂ ਤੋਂ ਮੈਂ 1992 ਵਿੱਚ ਖੇਡਣਾ ਸ਼ੁਰੂ ਕੀਤਾ, ਉਦੋਂ ਤੋਂ ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਭ ਤੋਂ ਮਹੱਤਵਪੂਰਨ,ਇਸ ਨੇ ਮੈਨੂੰ ਤੁਹਾਡੇ ਸਾਰਿਆਂ ਦਾ ਸਮਰਥਨ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ,ਜੋ ਮੇਰੀ ਯਾਤਰਾ ਦਾ ਹਿੱਸਾ ਰਹੇ ਹਨ। ਅੱਜ ਮੈਂ ਕੁਝ ਅਜਿਹਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾਂ ,ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਮਦਦ ਕਰੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਜ਼ਿੰਦਗੀ ਦੇ ਇਸ ਨਵੇਂ ਅਧਿਆਏ ਵਿੱਚ ਮੇਰੇ ਨਾਲ ਰਹੋਗੇ।

 





ਗਾਂਗੁਲੀ ਨੇ ਹਾਲ ਹੀ ਵਿੱਚ ਇੱਕ ਟਵੀਟ ਵਿੱਚ ਐਲਾਨ ਕੀਤਾ ਹੈ ਕਿ ਉਹ ਲੋਕਾਂ ਦੀ ਬਿਹਤਰੀ ਲਈ ਕੁਝ ਨਵਾਂ ਕੰਮ ਕਰਨ ਜਾ ਰਹੇ ਹਨ ਪਰ ਲੋਕ ਉਸਦੇ ਟਵੀਟ ਨੂੰ ਲੈ ਕੇ ਕਿਆਸ ਲਗਾ ਰਹੇ ਹਨ ਕਿ ਗਾਂਗੁਲੀ ਕੀ ਕਰਨ ਜਾ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਗਾਂਗੁਲੀ ਹੁਣ ਕ੍ਰਿਕਟ ਤੋਂ ਬਾਅਦ ਰਾਜਨੀਤੀ 'ਚ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੇ ਹਨ।