Fire in Pakistan Cricket Team Hotel: ਇੱਕ ਪਾਸੇ ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਦਾ ਡਰ ਸਤਾ ਰਿਹਾ ਹੈ ਕਿਉਂਕਿ ਭਾਰਤ ਨੇ ਸਰਹੱਦ ਪਾਰ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਵਿਚਾਲੇ ਸੋਮਵਾਰ ਨੂੰ ਇੱਕ ਹੋਟਲ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਖਿਡਾਰਨਾਂ ਠਹਿਰੀਆਂ ਹੋਈਆਂ ਸਨ। ਇਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਕਰਾਚੀ 'ਚ ਚੱਲ ਰਹੀ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਦੇ ਮੈਚਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਲੈਣਾ ਪਿਆ ਹੈ। ਚੰਗੀ ਖ਼ਬਰ ਇਹ ਹੈ ਕਿ ਟੀਮ ਦਾ ਕੋਈ ਵੀ ਖਿਡਾਰੀ ਜ਼ਖ਼ਮੀ ਨਹੀਂ ਹੋਇਆ ਹੈ।
ਰਿਪੋਰਟਾਂ ਮੁਤਾਬਕ ਜੋ ਵੀ ਪੰਜ ਕ੍ਰਿਕਟਰ ਹੋਟਲ 'ਚ ਮੌਜੂਦ ਸਨ, ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਨੀਫ ਮੁਹੰਮਦ ਹਾਈ-ਪ੍ਰਫਾਰਮੈਂਸ ਸੈਂਟਰ ਭੇਜ ਦਿੱਤਾ ਗਿਆ। ਪੀਸੀਬੀ ਵੱਲੋਂ ਦੱਸਿਆ ਗਿਆ ਕਿ ਖਿਡਾਰੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਟੂਰਨਾਮੈਂਟ ਨੂੰ ਛੋਟਾ ਕੀਤਾ ਜਾ ਰਿਹਾ ਹੈ। ਹੁਣ ਟੂਰਨਾਮੈਂਟ ਦੇ ਜੇਤੂ ਦਾ ਪਤਾ ਲਗਾਉਣ ਲਈ, PCB ਨੇ Invincibles ਅਤੇ Stars ਵਿਚਕਾਰ ਫਾਈਨਲ ਮੈਚ ਦਾ ਐਲਾਨ ਕੀਤਾ ਹੈ। ਟੂਰਨਾਮੈਂਟ 'ਚ ਚਾਰ-ਚਾਰ ਮੈਚ ਖੇਡਣ ਤੋਂ ਬਾਅਦ ਵੀ ਇਹ ਦੋਵੇਂ ਟੀਮਾਂ ਚੋਟੀ 'ਤੇ ਹਨ। ਫਾਈਨਲ ਮੈਚ ਕਦੋਂ ਅਤੇ ਕਿੱਥੇ ਹੋਵੇਗਾ, ਇਸ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
Read MOre: IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਰਿਸ਼ਭ ਪੰਤ, ਇਸ ਟੀਮ ਨੇ 29.25 ਕਰੋੜ ਦੀ ਬੋਲੀ ਲਗਾ ਖਰੀਦਿਆ
ਚੈਂਪੀਅਨਸ ਟਰਾਫੀ ਪ੍ਰਭਾਵਿਤ ਹੋ ਸਕਦੀ
ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਦੌਰਾਨ ਹੋਟਲ 'ਚ ਲੱਗੀ ਅੱਗ ਦਾ ਅਸਰ ਚੈਂਪੀਅਨਸ ਟਰਾਫੀ 2025 'ਤੇ ਵੀ ਪੈ ਸਕਦਾ ਹੈ। ਦੱਸ ਦੇਈਏ ਕਿ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ 'ਚ ਹੋਟਲ 'ਚ ਅੱਗ ਲੱਗਣ ਦੀ ਖਬਰ ਪੀਸੀਬੀ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਟਕਰਾਅ ਦਾ ਹੱਲ ਕੀ ਹੋਵੇਗਾ, ਇਸ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ। ਪਰ ਇੱਕ ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਆਈਸੀਸੀ ਇਸ ਹਫਤੇ ਦੇ ਅੰਤ ਤੱਕ ਚੈਂਪੀਅਨਸ ਟਰਾਫੀ ਦੇ ਪ੍ਰੋਗਰਾਮ ਦਾ ਐਲਾਨ ਕਰਨ ਜਾ ਰਹੀ ਹੈ।