Gautam Gambhir: ਨਿਊਜ਼ੀਲੈਂਡ ਖਿਲਾਫ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਭਾਰਤੀ ਟੀਮ ਦੇ ਸ਼ਰਮਨਾਕ ਪ੍ਰਦਰਸ਼ਨ ਨੇ ਨਾ ਸਿਰਫ ਕ੍ਰਿਕਟ ਪ੍ਰੇਮੀਆਂ ਦਾ ਦਿਲ ਤੋੜਿਆ ਸਗੋਂ ਕਈ ਦਿੱਗਜ ਖਿਡਾਰੀਆਂ ਨੂੰ ਵੀ ਨਿਰਾਸ਼ ਕੀਤਾ। ਵਾਈਟ ਵਾਸ਼ ਤੋਂ ਬਾਅਦ ਭਾਰਤੀ ਖਿਡਾਰੀਆਂ ਅਤੇ ਟੀਮ ਮੈਨੇਜਮੈਂਟ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਸੀ। ਕਈ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਜੇਕਰ ਟੀਮ ਇੰਡੀਆ ਗੰਭੀਰ ਦੀ ਕੋਚਿੰਗ 'ਚ ਆਸਟ੍ਰੇਲੀਆ ਖਿਲਾਫ ਹੋਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ਼ 'ਚ ਖਰਾਬ ਪ੍ਰਦਰਸ਼ਨ ਕਰਦੀ ਹੈ ਤਾਂ ਉਸ ਨੂੰ ਟੈਸਟ ਕ੍ਰਿਕਟ ਦੀ ਕੋਚਿੰਗ ਤੋਂ ਹਟਾ ਦਿੱਤਾ ਜਾਵੇਗਾ। ਹੁਣ ਆਕਾਸ਼ ਚੋਪੜਾ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ।
ਆਕਾਸ਼ ਚੋਪੜਾ ਨੇ ਜਵਾਬ ਦਿੱਤਾ
ਗੌਤਮ ਗੰਭੀਰ ਦੇ ਕੋਚਿੰਗ ਅਹੁਦੇ ਦੇ ਬਾਰੇ 'ਚ ਆਕਾਸ਼ ਨੇ ਕਿਹਾ, 'ਮੇਰੇ ਮੁਤਾਬਕ ਇਹ ਅਫਵਾਹ ਹੈ। ਇਹ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਜਾਪਦੀ ਹੈ। ਜੇਕਰ ਟੀਮ ਇੰਡੀਆ ਬਾਰਡਰ ਗਾਵਸਕਰ ਟਰਾਫੀ 'ਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਹੈ ਤਾਂ ਕੀ ਕੋਚ ਬਦਲ ਦਿੱਤਾ ਜਾਏਗਾ ? ਵੱਖ-ਵੱਖ ਫਾਰਮੈਟਾਂ ਲਈ ਵੱਖ-ਵੱਖ ਕੋਚ ਰੱਖਣ। ਮੈਂ ਕਹਾਂਗਾ ਕਿ ਇਹ ਥੋੜੀ ਜਲਦਬਾਜ਼ੀ ਹੋਏਗੀ। ਮੈਨੂੰ ਲੱਗਦਾ ਹੈ ਕਿ ਇਹ ਅਫਵਾਹ ਗਲਤ ਇਰਾਦੇ ਨਾਲ ਫੈਲਾਈ ਜਾ ਰਹੀ ਹੈ। ਗੰਭੀਰ ਨੂੰ ਹੁਣੇ ਹੀ ਮੁੱਖ ਕੋਚ ਬਣਾਇਆ ਗਿਆ ਹੈ। ਅਜਿਹਾ ਨਾ ਹੋਵੇ ਕਿ ਜੇਕਰ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਤਾਂ ਕੋਚ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਇਹ ਤਰੀਕਾ ਨਹੀਂ ਹੈ। ਮੈਂ ਇਸ ਸੋਚ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਂ ਅਜਿਹੀਆਂ ਰਿਪੋਰਟਾਂ ਨੂੰ ਰੱਦ ਕਰਦਾ ਹਾਂ।,
ਇਸ ਤੋਂ ਇਲਾਵਾ ਆਕਾਸ਼ ਨੇ ਇਹ ਵੀ ਮੰਨਿਆ ਕਿ ਭਾਰਤੀ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਲਈ ਗੰਭੀਰ ਜ਼ਿੰਮੇਵਾਰ ਹੈ। ਕਿਉਂਕਿ ਉਨ੍ਹਾਂ ਨੇ ਬੀਸੀਸੀਆਈ ਤੋਂ ਜੋ ਮੰਗਿਆ ਸੀ, ਉਹ ਮਿਲਿਆ। ਗੰਭੀਰ ਨੇ 2 ਵਿਦੇਸ਼ੀ ਕੋਚਾਂ ਦੀ ਮੰਗ ਕੀਤੀ, ਬੋਰਡ ਨੇ ਉਨ੍ਹਾਂ ਨੂੰ ਦਿੱਤੇ।
ਭਾਰਤੀ ਟੀਮ ਲਈ ਅਗਨੀ ਪਰਿਕਸ਼ਾ ਟੈਸਟ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਲਈ ਭਾਰਤੀ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਟੀਮ ਇੰਡੀਆ ਨੂੰ ਸੀਰੀਜ਼ 4-1 ਨਾਲ ਜਿੱਤਣੀ ਹੋਵੇਗੀ। ਜੇਕਰ ਭਾਰਤੀ ਟੀਮ ਅਜਿਹਾ ਨਹੀਂ ਕਰਦੀ ਹੈ ਤਾਂ ਉਨ੍ਹਾਂ ਨੂੰ ਦੂਜੀਆਂ ਟੀਮਾਂ 'ਤੇ ਨਿਰਭਰ ਰਹਿਣਾ ਪਵੇਗਾ। ਅਜਿਹੇ 'ਚ ਗੰਭੀਰ ਤੋਂ ਇਲਾਵਾ ਰੋਹਿਤ ਸ਼ਰਮਾ ਲਈ ਵੀ ਇਸ ਨੂੰ ਅਗਨੀ ਪਰਿਕਸ਼ਾ ਟੈਸਟ ਮੰਨਿਆ ਜਾ ਰਿਹਾ ਹੈ।