ਨਵੀਂ ਦਿੱਲੀ: ਰੋਡ ਸੇਫ਼ਟੀ ਵਰਲਡ ਸੀਰੀਜ਼ 2021 (Road Safety World Series) ਆਪਣੇ ਫ਼ੈਸਲਾਕੁੰਨ ਦੌਰ ’ਚ ਪੁੱਜ ਚੁੱਕੀ ਹੈ। ਸੈਮੀਫ਼ਾਈਨਲ ਜਿੱਤ ਕੇ ਭਾਰਤ ਤੇ ਸ੍ਰੀ ਲੰਕਾ ਦੀਆਂ ਟੀਮਾਂ ਫ਼ਾਈਨਲ ’ਚ ਹਨ। ਭਾਰਤ ਲੀਜੈਂਡਸ ਤੇ ਸ੍ਰੀ ਲੰਕਾ ਲੀਜੈਂਡਸ ਵਿਚਾਲੇ ਫ਼ਾਈਨਲ ਮੈਚ 21 ਮਾਰਚ ਭਾਵ ਅੱਜ ਮੁੰਬਈ ਦੇ ਮੈਦਾਨ ’ਤੇ ਖੇਡਿਆ ਜਾਵੇਗਾ।
ਸਚਿਨ ਤੇਂਦੁਲਕਰ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਸੈਮੀਫ਼ਾਈਨਲ ’ਚ ਵੈਸਟ ਇੰਡੀਜ਼ ਨੂੰ ਹਰਾ ਕੇ ਧਮਾਕੇਦਾਰ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿੱਚ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਮੁਹੰਮਦ ਕੈਫ਼, ਯੂਸਫ਼ ਪਠਾਨ ਤੇ ਯੁਵਰਾਜ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਕ੍ਰਿਕੇਟ ਪ੍ਰੇਮੀਆਂ ਨੂੰ ਲੀਜੈਂਡਰੀ ਦਿਨਾਂ ਦੀ ਯਾਦ ਦਿਵਾ ਦਿੱਤੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਅੱਜ ਭਾਰਤੀ ਟੀਮ ਕਿਸ ਰਣਨੀਤੀ ਨਾਲ ਮੈਦਾਨ ’ਚ ਉੱਤਰਦੀ ਹੈ।
ਰੋਡ ਸੇਫ਼ਟੀ ਵਰਲਡ ਸੀਰੀਜ਼ 2021 ’ਚ ‘ਸਿਕਸਰ ਕਿੰਗ’ ਯੁਵਰਾਜ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਯੁਵਰਾਜ ਸਿੰਘ ਨੇ ਇਸ ਸੀਰੀਜ਼ ਦੇ ਹੁਣ ਤੱਕ 6 ਮੈਚਾਂ ਵਿੱਚ 13 ਛੱਕੇ ਠੋਕ ਕੇ ਗ਼ਦਰ ਮਚਾਇਆ ਹੋਇਆ ਹੈ।
ਯੁਵਰਾਜ ਸਿੰਘ ਛੱਕੇ ਲਾਉਣ ਦੇ ਮਾਮਲੇ ਵਿੱਚ ਇਸ ਸੀਰੀਜ਼ ਦੌਰਾਨ ਸਿਖ਼ਰ ਉੱਤੇ ਹਨ। ਯੁਵਰਾਜ ਸਿੰਘ ਨੇ 183.56 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਉਂਝ ਸਭ ਤੋਂ ਵੱਧ ਦੌੜਾਂ ਦੀ ਗੱਲ ਕਰੀਏ, ਤਾਂ ਸ੍ਰੀਲੰਕਾ ਦੇ ਬੱਲੇਬਾਜ਼ ਟੀਐਮ ਦਿਲਸ਼ਾਨ ਸਭ ਤੋਂ ਉੱਤੇ ਹਨ। ਉਨ੍ਹਾਂ 7 ਮੈਚਾਂ ਵਿੱਚ 250 ਦੌੜਾਂ ਬਣਾਈਆਂ ਹਨ; ਜਦ ਕਿ ਯੁਵਰਾਜ ਨੇ 6 ਮੈਚਾਂ ਵਿੱਚ 134 ਦੌੜਾਂ ਬਣਾਈਆਂ ਹਨ।
ਪਿਛਲੇ ਦੋ ਮੈਚਾਂ ਵਿੱਚ ਯੁਵਰਾਜ ਨੇ ਇੱਕ ਤੋਂ ਬਾਅਦ ਇੱਕ ਛੱਕੇ ਠੋਕ ਕੇ ਮੈਦਾਨ ’ਚ ਹੰਗਾਮਾ ਖੜ੍ਹਾ ਕਰ ਦਿੱਤਾ। ਯੁਵਰਾਜ ਨੇ ਪਿਛਲੇ ਮੈਚ ਵਿੱਚ 6 ਤੇ ਕੁਆਰਟਰ ਫ਼ਾਈਨਲ ਵਿੱਚ ਲਗਾਤਾਰ 4 ਛੱਕੇ ਲਾਏ ਸਨ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/