Tokyo Olympics 2020: ਟੋਕੀਓ ਓਲੰਪਿਕਸ ਵਿੱਚ, ਭਾਰਤ ਦੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਦੇ ਤਮਗ਼ੇ ਦੇ ਸੋਕੇ ਨੂੰ ਖਤਮ ਕਰਦੇ ਹੋਏ ਇਸ ਈਵੈਂਟ ਦਾ ਕਾਂਸੀ ਦਾ ਤਮਗ਼ਾ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਦੇ ਫਰਕ ਨਾਲ ਹਰਾਇਆ। ਇਸ ਇਤਿਹਾਸਕ ਜਿੱਤ ਦੇ ਨਾਲ, ਸੂਬਾ ਸਰਕਾਰਾਂ ਨੇ ਟੀਮ ਇੰਡੀਆ ਵਿੱਚ ਸ਼ਾਮਲ ਆਪੋ-ਆਪਣੇ ਰਾਜਾਂ ਦੇ ਖਿਡਾਰੀਆਂ ਲਈ ਨਕਦ ਇਨਾਮ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਉਲੰਪਿਕਸ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਇਨਾਮਾਂ ਦਾ ਐਲਾਨ ਕਰਨ ਵਾਲੇ ਰਾਜਾਂ ਦੀ ਸੂਚੀ ਵਿੱਚ ਪਹਿਲਾ ਨਾਂ ਪੰਜਾਬ ਦਾ ਹੈ। ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਟੀਮ ਇੰਡੀਆ ਵਿੱਚ ਸ਼ਾਮਲ ਰਾਜ ਦੇ ਹਰੇਕ ਖਿਡਾਰੀ ਨੂੰ ਇੱਕ ਕਰੋੜ ਰੁਪਏ ਦਾ ਨਕਦ ਇਨਾਮ ਦੇਣਗੇ। ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਹ ਐਲਾਨ ਕੀਤਾ।
ਗੁਰਮੀਤ ਸਿੰਘ ਸੋਢੀ ਨੇ ਟਵੀਟ ਕਰਕੇ ਕੀਤਾ ਐਲਾਨ
ਗੁਰਮੀਤ ਸਿੰਘ ਸੋਢੀ ਨੇ ਆਪਣੇ ਟਵੀਟ ਵਿੱਚ ਲਿਖਿਆ, "ਅੱਜ, ਭਾਰਤੀ ਹਾਕੀ ਦੇ ਇਸ ਇਤਿਹਾਸਕ ਦਿਨ 'ਤੇ, ਮੈਂ ਟੀਮ ਵਿੱਚ ਸ਼ਾਮਲ ਪੰਜਾਬ ਦੇ ਹਰ ਖਿਡਾਰੀ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕਰਦਾ ਹਾਂ। ਅਸੀਂ ਇਸ ਜਿੱਤ ਦਾ ਜਸ਼ਨ ਮਨਾਉਣ ਲਈ ਤੁਹਾਡੀ ਵਾਪਸੀ ਦੀ ਉਡੀਕ ਕਰ ਰਹੇ ਹਾਂ।"
ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਵਿੱਚ ਕਪਤਾਨ ਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ ਅੱਠ ਖਿਡਾਰੀ ਸ਼ਾਮਲ ਹਨ। ਇਨ੍ਹਾਂ ਵਿੱਚ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਹਨ।
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੀਤਾ ਇਨਾਮ ਦਾ ਐਲਾਨ
ਮੱਧ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੇ ਰਾਜ ਦੇ ਉਨ੍ਹਾਂ ਖਿਡਾਰੀਆਂ ਨੂੰ 1 ਕਰੋੜ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ ਜੋ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਹਨ। ਟੀਮ ਇੰਡੀਆ ਵਿੱਚ ਮੱਧ ਪ੍ਰਦੇਸ਼ ਦੇ ਖਿਡਾਰੀ ਵਿਵੇਕ ਸਾਗਰ ਸ਼ਾਮਲ ਹਨ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਮੱਧ ਪ੍ਰਦੇਸ਼ ਹਾਕੀ ਅਕੈਡਮੀ ਤੋਂ ਸਿਖਲਾਈ ਲੈਣ ਵਾਲੀ ਨੀਲਕਾਂਤਾ ਸ਼ਰਮਾ ਨੂੰ 1 ਕਰੋੜ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ। ਨੀਲਾਕਾਂਤਾ ਸ਼ਰਮਾ ਮਨੀਪੁਰ ਦੇ ਇੰਫਾਲ ਦੀ ਰਹਿਣ ਵਾਲੀ ਹੈ।
ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਟੀਮ ਦੀ ਜਿੱਤ ਤੋਂ ਬਾਅਦ ਇਹ ਐਲਾਨ ਕੀਤਾ। ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਟਵੀਟ ਵਿੱਚ ਲਿਖਿਆ, "ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਵਿੱਚ ਸਰਬੋਤਮ ਟੀਮਾਂ ਨੂੰ ਹਰਾਇਆ। ਇਟਾਰਸੀ ਦੇ ਲਾਲ ਵਿਵੇਕ ਸਾਗਰ ਟੀਮ ਦਾ ਹਿੱਸਾ ਹਨ, ਨੀਲਕਾਂਤਾ ਸ਼ਰਮਾ ਨੇ ਮੱਧ ਪ੍ਰਦੇਸ਼ ਹਾਕੀ ਅਕੈਡਮੀ ਤੋਂ ਸਿਖਲਾਈ ਲਈ ਹੈ। ਮੱਧ ਪ੍ਰਦੇਸ਼ ਸਰਕਾਰ ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ‘ਸੰਮਾਨ ਨਿਧੀ’ ਪ੍ਰਦਾਨ ਕਰੇਗੀ।
ਓਡੀਸ਼ਾ ਸਰਕਾਰ ਪਹਿਲਾਂ ਹੀ ਕਾਂਸੀ ਦੇ ਤਮਗੇ 'ਤੇ 2.5 ਕਰੋੜ ਦੇ ਇਨਾਮ ਦਾ ਐਲਾਨ ਕਰ ਚੁੱਕੀ ਹੈ
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਲਈ 2.5 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਮੈਡਲ ਜਿੱਤਣ ਵਾਲੀ ਟੀਮ ਵਿੱਚ ਰਾਜ ਦੇ ਦੋ ਖਿਡਾਰੀ ਅਮਿਤ ਰੋਹਿਦਾਸ ਤੇ ਬੀਰੇਂਦਰ ਲਾਕੜਾ ਸ਼ਾਮਲ ਹਨ। ਇਸ ਦੇ ਨਾਲ ਹੀ ਓਡੀਸ਼ਾ ਓਲੰਪਿਕ ਐਸੋਸੀਏਸ਼ਨ ਨੇ ਰੋਹਿਦਾਸ ਤੇ ਲਾਕੜਾ ਨੂੰ ਇੱਕ -ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਕੇਂਦਰ ਸਰਕਾਰ ਵੀ ਪਹਿਲਾਂ ਕਰ ਚੁੱਕੀ ਇਨਾਮ ਦਾ ਐਲਾਨ
ਇਸ ਤੋਂ ਇਲਾਵਾ ਕੇਂਦਰ ਸਰਕਾਰ ਟੋਕੀਓ ਓਲੰਪਿਕ 2020 ਵਿੱਚ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵੱਖਰਾ ਨਕਦ ਇਨਾਮ ਵੀ ਪ੍ਰਦਾਨ ਕਰੇਗੀ। ਕੇਂਦਰ ਨੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਲਈ 30 ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਸੀ।