ਭਾਰਤ ਵਿੱਚ ਕੋਵਿਡ -19 ਨਾਲ ਸੰਕਰਮਿਤ ਮਰੀਜ਼ਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਹਾਂਮਾਰੀ ਦੇ ਯੁੱਗ 'ਚ ਬਹੁਤ ਸਾਰੇ ਸੇਲੇਬਸ ਮਦਦ ਲਈ ਅੱਗੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਭਾਰਤੀ ਕ੍ਰਿਕੇਟ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਕੋਵਿਡ ਰਾਹਤ ਲਈ ਫੰਡ ਇਕੱਤਰ ਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਇਸ ਫੰਡਰੇਜ਼ਰ ਨੂੰ 2 ਕਰੋੜ ਰੁਪਏ ਦਾਨ ਕੀਤੇ ਹਨ ਅਤੇ ਕੁਲ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਵਿਰਾਟ-ਅਨੁਸ਼ਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਲਿਖਿਆ, 'ਜਿਵੇਂ ਕਿ ਸਾਡਾ ਦੇਸ਼ ਕੋਵਿਡ -19 ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ, ਅਤੇ ਸਾਡੀ ਸਿਹਤ ਪ੍ਰਣਾਲੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਲੋਕਾਂ ਨੂੰ ਇਸ ਸਥਿਤੀ ਵਿੱਚ ਵੇਖ ਕੇ ਮੇਰਾ ਦਿਲ ਦੁਖੀ ਹੈ। ਇਸ ਲਈ ਵਿਰਾਟ ਅਤੇ ਮੈਂ ਕੋਵਿਡ -19 ਰਾਹਤ ਲਈ ਫੰਡ ਇਕੱਠੇ ਕਰਨ ਲਈ Ketto ਦੇ ਨਾਲ ਮਿਲ ਕੇ #InThisTogether ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਕੱਠੇ ਮਿਲ ਕੇ ਅਸੀਂ ਇਸ ਸੰਕਟ ਨੂੰ ਪਾਰ ਕਰਾਂਗੇ। ਕਿਰਪਾ ਕਰਕੇ ਭਾਰਤ ਅਤੇ ਭਾਰਤੀਆਂ ਦੇ ਸਮਰਥਨ ਲਈ ਅੱਗੇ ਆਓ। ਤੁਹਾਡਾ ਯੋਗਦਾਨ ਇਸ ਨਾਜ਼ੁਕ ਸਮੇਂ ਦੌਰਾਨ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਾਇਤਾ ਕਰੇਗਾ। ਇਸ ਦੇ ਲਈ, ਮੇਰੇ ਬਾਇਓ ਵਿੱਚ ਦਿੱਤੇ ਲਿੰਕ 'ਤੇ ਕਲਿਕ ਕਰੋ। ਮਾਸਕ ਲਗਾਓ! ਆਪਣੇ ਘਰ 'ਚ ਰਹੋ! ਮਹਿਫ਼ੂਜ਼ ਰਹੋ।"
ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਵਿਰਾਟ ਅਤੇ ਮੈਨੂੰ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਲੋਕ ਇਸ ਸਮੇਂ ਦਰਦ ਤੋਂ ਗੁਜ਼ਰ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਇਹ ਫੰਡ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਕਰੇਗਾ। ਲੋਕ ਸੋਸ਼ਲ ਮੀਡੀਆ 'ਤੇ ਵਿਰਾਟ-ਅਨੁਸ਼ਕਾ ਦੇ ਇਸ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਆਈਪੀ -2021 ਬਾਇਓ-ਬਬਲ 'ਚ ਕੋਵਿਡ -19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਕ੍ਰਿਕਟਰਾਂ 'ਚ ਵਰੁਣ ਚੱਕਰਵਰਤੀ, ਸੰਦੀਪ ਵਾਰੀਅਰ, ਅਮਿਤ ਮਿਸ਼ਰਾ ਅਤੇ ਰਿਧੀਮਾਨ ਸਾਹਾ ਜਦਕਿ ਸਹਾਇਤਾ ਸਟਾਫ 'ਚ ਲਕਸ਼ਮੀਪੱਤੀ ਬਾਲਾਜੀ ਅਤੇ ਮਾਈਕਲ ਹਸੀ ਦੀ COVID-19 ਦੀ ਰਿਪੋਰਟ ਪੌਜ਼ੇਟਿਵ ਆਈ।