ਵਧਦੀ ਤਕਨਾਲੋਜੀ ਤੇ ਵਿਕਾਸ ਕਾਰਨ ਟੈਲੀਕਾਮ ਦੀ ਦੁਨੀਆ 'ਚ ਕਾਫੀ ਬਦਲਾਅ ਆਇਆ ਹੈ। ਪਰ ਇਸ ਦੇ ਨਾਲ ਹੀ ਇਸ ਕਾਰਨ ਇਸ ਨਾਲ ਜੁੜੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ, ਅਜਿਹੇ 'ਚ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਲਗਾਤਾਰ ਯਤਨਸ਼ੀਲ ਰਹਿੰਦੀ ਹੈ।


ਹਾਲ ਹੀ 'ਚ ਦੂਰਸੰਚਾਰ ਵਿਭਾਗ (DoT) ਨੇ ਵੋਡਾਫੋਨ ਆਈਡੀਆ, ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਤੇ ਹੋਰਾਂ ਸਮੇਤ ਦੂਰਸੰਚਾਰ ਆਪਰੇਟਰਾਂ ਨੂੰ ਸਾਈਬਰ ਅਪਰਾਧਾਂ ਨਾਲ ਸਬੰਧਤ 28,200 ਮੋਬਾਈਲ ਹੈਂਡਸੈੱਟਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੂਰਸੰਚਾਰ ਕੰਪਨੀਆਂ ਨੂੰ 20 ਲੱਖ ਮੋਬਾਈਲ ਕੁਨੈਕਸ਼ਨਾਂ ਲਈ ਤੁਰੰਤ ਰੀ-ਵੈਰੀਫਿਕੇਸ਼ਨ ਕਰਨ ਲਈ ਵੀ ਕਿਹਾ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ।


ਤੁਹਾਨੂੰ ਦੱਸ ਦੇਈਏ ਕਿ ਇਕ ਅਧਿਕਾਰਤ ਬਿਆਨ 'ਚ ਇਹ ਖੁਲਾਸਾ ਹੋਇਆ ਹੈ ਕਿ ਦੂਰਸੰਚਾਰ ਵਿਭਾਗ (DoT), ਗ੍ਰਹਿ ਮੰਤਰਾਲੇ (MHA) ਅਤੇ ਰਾਜ ਪੁਲਿਸ ਨੇ ਵਿੱਤੀ ਧੋਖਾਧੜੀ ਤੇ ਸਾਈਬਰ ਅਪਰਾਧ ਵਿੱਚ ਦੂਰਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਹੱਥ ਮਿਲਾਇਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਹਿਯੋਗੀ ਯਤਨ ਦਾ ਉਦੇਸ਼ ਧੋਖਾਧੜੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖਤਮ ਕਰਨਾ ਤੇ ਨਾਗਰਿਕਾਂ ਨੂੰ ਡਿਜੀਟਲ ਖਤਰਿਆਂ ਤੋਂ ਬਚਾਉਣਾ ਹੈ।


ਗ੍ਰਹਿ ਮੰਤਰਾਲੇ ਨੇ ਆਪਣੇ ਵਿਸ਼ਲੇਸ਼ਣ 'ਚ ਪਾਇਆ ਹੈ ਕਿ ਸਾਈਬਰ ਅਪਰਾਧਾਂ 'ਚ 28,200 ਮੋਬਾਈਲ ਹੈਂਡਸੈੱਟਸ ਦੀ ਦੁਰਵਰਤੋਂ ਕੀਤੀ ਗਈ ਸੀ। DoT ਨੇ ਅੱਗੇ ਪਾਇਆ ਕਿ ਇਨ੍ਹਾਂ ਮੋਬਾਈਲ ਹੈਂਡਸੈੱਟਸ ਨਾਲ 20 ਲੱਖ ਨੰਬਰਾਂ ਦੀ ਵਰਤੋਂ ਕੀਤੀ ਗਈ ਸੀ।


ਟੈਲੀਕਾਮ ਕੰਪਨੀਆਂ ਦੀ ਜ਼ਿੰਮੇਵਾਰੀ
ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਆਪਰੇਟਰਾਂ ਨੂੰ ਬਹੁਤ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਹਨ। ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਸੇਵਾ ਪ੍ਰੋਵਾਈਡਰਜ਼ ਨੂੰ ਪੂਰੇ ਭਾਰਤ 'ਚ 28,200 ਮੋਬਾਈਲ ਹੈਂਡਸੈੱਟਸ ਨੂੰ ਬਲਾਕ ਕਰਨ ਤੇ ਇਨ੍ਹਾਂ ਮੋਬਾਈਲ ਹੈਂਡਸੈੱਟਸ ਨਾਲ ਜੁੜੇ 20 ਲੱਖ ਮੋਬਾਈਲ ਕਨੈਕਸ਼ਨਾਂ ਦੀ ਮੁੜ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।


ਇਸ ਦੇ ਨਾਲ ਹੀ ਦੂਰਸੰਚਾਰ ਵਿਭਾਗ ਨੇ ਇਹ ਵੀ ਕਿਹਾ ਕਿ ਜੇਕਰ ਇਹ ਕੁਨੈਕਸ਼ਨ ਰੀ-ਵੈਰੀਫਿਕੇਸ਼ਨ 'ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੇ ਕੁਨੈਕਸ਼ਨ ਕੱਟਣੇ ਪੈਣਗੇ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੂਰਸੰਚਾਰ ਧੋਖਾਧੜੀ ਨਾਲ ਸਬੰਧਤ ਸ਼ਿਕਾਇਤਾਂ ਨੂੰ ਸੰਭਾਲਣ ਲਈ DoT ਨੇ ਮਾਰਚ 'ਚ ਚਕਸ਼ੂ ਪੋਰਟਲ ਲਾਂਚ ਕੀਤਾ ਸੀ। ਉਦੋਂ ਤੋਂ ਵਿਭਾਗ ਨੇ ਖਤਰਨਾਕ ਤੇ ਫਿਸ਼ਿੰਗ ਐਸਐਮਐਸ ਭੇਜਣ 'ਚ ਸ਼ਾਮਲ 52 ਸੰਸਥਾਵਾਂ ਨੂੰ ਬਲੈਕਲਿਸਟ ਕੀਤਾ ਹੈ।


ਇਸ ਦੇ ਨਾਲ ਹੀ ਇਸ ਨੇ ਦੇਸ਼ ਭਰ ਵਿਚ 348 ਮੋਬਾਈਲ ਹੈਂਡਸੈੱਟਸ ਨੂੰ ਵੀ ਬਲਾਕ ਕਰ ਦਿੱਤਾ ਹੈ ਅਤੇ 10,834 ਸ਼ੱਕੀ ਮੋਬਾਈਲ ਨੰਬਰਾਂ ਨੂੰ ਮੁੜ-ਤਸਦੀਕ ਲਈ ਮਾਰਕ ਕੀਤਾ ਹੈ। ਇਸ ਦੇ ਨਾਲ ਹੀ ਦੂਰਸੰਚਾਰ ਵਿਭਾਗ ਨੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਜਾਂ ਫਰਜ਼ੀ ਜਾਂ ਜਾਅਲੀ ਦਸਤਾਵੇਜ਼ਾਂ 'ਤੇ ਲਏ ਗਏ ਮੋਬਾਈਲ ਕੁਨੈਕਸ਼ਨਾਂ 'ਚ ਸ਼ਾਮਲ ਹੋਣ ਕਾਰਨ IMEI ਨਾਮਕ 1.58 ਲੱਖ ਵਿਲੱਖਣ ਮੋਬਾਈਲ ਡਿਵਾਈਸ ਪਛਾਣ ਨੰਬਰਾਂ ਨੂੰ ਬਲਾਕ ਕਰ ਦਿੱਤਾ ਹੈ।


ਇਸ ਸਾਲ 30 ਅਪ੍ਰੈਲ ਤਕ DoT ਨੇ 1.66 ਕਰੋੜ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਹਨ। ਇਨ੍ਹਾਂ ਵਿੱਚੋਂ 30.14 ਲੱਖ ਕੁਨੈਕਸ਼ਨ ਯੂਜ਼ਰਜ਼ ਦੇ ਫੀਡਬੈਕ ਦੇ ਆਧਾਰ 'ਤੇ ਕੱਟੇ ਗਏ ਸਨ ਤੇ 53.78 ਲੱਖ ਨਵੇਂ ਸਿਮ ਕਾਰਡ ਖਰੀਦਣ ਲਈ ਨਿੱਜੀ ਲਿਮਟ ਤੋਂ ਵੱਧ ਜਾਣ ਕਾਰਨ ਡਿਸਕਨੈਕਟ ਕੀਤੇ ਗਏ ਸਨ।