DoT Acts Against Cyber Crime: ਭਾਰਤ ਵਿੱਚ ਸਾਈਬਰ ਅਪਰਾਧ ਅਤੇ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਨੂੰ ਦੇਖਦੇ ਹੋਏ ਦੂਰਸੰਚਾਰ ਵਿਭਾਗ (DoT) ਨੇ ਇਸ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਦਰਅਸਲ, ਦੂਰਸੰਚਾਰ ਵਿਭਾਗ ਨੇ 24 ਹਜ਼ਾਰ 228 ਮੋਬਾਈਲ ਕੁਨੈਕਸ਼ਨ ਸਸਪੈਂਡ ਕਰ ਦਿੱਤੇ ਹਨ। ਦੂਰਸੰਚਾਰ ਵਿਭਾਗ ਦੇ ਅਨੁਸਾਰ, ਇਹ ਮੋਬਾਈਲ ਕੁਨੈਕਸ਼ਨ 42 ਯੂਨੀਕ ਇੰਟਰਨੈਸ਼ਨਲ ਮੋਬਾਈਲ ਇਕੁਇਪਮੈਂਟ ਆਈਡੈਂਟਿਟੀ (ਆਈਐਮਈਆਈ) ਨਾਲ ਜੁੜੇ ਪਾਏ ਗਏ ਸਨ ਅਤੇ ਇਨ੍ਹਾਂ ਦੇ ਵਾਰ-ਵਾਰ ਧੋਖਾਧੜੀ ਵਿੱਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ।
ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਆਲ ਇੰਡੀਆ ਆਧਾਰ 'ਤੇ ਇਨ੍ਹਾਂ IMEI ਨੰਬਰਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਈਬਰ ਧੋਖਾਧੜੀ ਕਰਨ ਵਾਲੇ ਕਥਿਤ ਤੌਰ 'ਤੇ ਇਨ੍ਹਾਂ ਮੋਬਾਈਲ ਨੰਬਰਾਂ ਦੀ ਵਰਤੋਂ ਸਾਈਬਰ ਅਪਰਾਧਾਂ ਅਤੇ ਹੋਰ ਧੋਖਾਧੜੀ ਦੀਆਂ ਗਤੀਵਿਧੀਆਂ ਲਈ ਕਰ ਰਹੇ ਸਨ।
ਚਕਸ਼ੂ ਪੋਰਟਲ 'ਤੇ ਲਗਾਤਾਰ ਹੋ ਰਹੀਆਂ ਹਨ ਸ਼ਿਕਾਇਤਾਂ ਦਰਜ
ਲੋਕ ਸਰਕਾਰ ਦੁਆਰਾ ਬਣਾਏ ਗਏ ਚਕਸ਼ੂ ਪੋਰਟਲ 'ਤੇ ਆਪਣੇ ਖਿਲਾਫ ਆਨਲਾਈਨ ਧੋਖਾਧੜੀ ਦੇ ਮਾਮਲਿਆਂ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਹਾਲ ਹੀ ਦੇ ਸਮੇਂ ਵਿੱਚ, ਚਕਸ਼ੂ ਪੋਰਟਲ 'ਤੇ ਧੋਖਾਧੜੀ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਵਿੱਚ ਵਾਧਾ ਹੋਇਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਦੂਰਸੰਚਾਰ ਵਿਭਾਗ ਨੇ ਧੋਖਾਧੜੀ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ, PIB ਨੇ ਲੋਕਾਂ ਨੂੰ ਧੋਖਾਧੜੀ ਦੇ ਸੰਦੇਸ਼ਾਂ ਬਾਰੇ ਵੀ ਸੁਚੇਤ ਕੀਤਾ ਸੀ, ਜਿੱਥੇ ਹੈਕਰ ਕੇਵਾਈਸੀ ਪ੍ਰਕਿਰਿਆ ਦੇ ਨਾਮ 'ਤੇ ਲੋਕਾਂ ਦੇ ਬੈਂਕ ਵੇਰਵੇ ਚੋਰੀ ਕਰਦੇ ਹਨ।
IMEI ਨੰਬਰ ਕੀ ਹੈ?
IMEI ਦਾ ਪੂਰਾ ਨਾਮ ਅੰਤਰਰਾਸ਼ਟਰੀ ਮੋਬਾਈਲ ਉਪਕਰਣ ਪਛਾਣ ਹੈ। ਇਹ 15 ਨੰਬਰਾਂ ਦਾ ਵਿਲੱਖਣ ਕੋਡ ਹੈ। IMEI ਮੋਬਾਈਲ ਫ਼ੋਨ ਦੀ ਪਛਾਣ ਕਰਦਾ ਹੈ। ਇਸ ਤੋਂ ਇਲਾਵਾ ਇਹ ਕਿਸੇ ਵੀ ਫੋਨ ਨੰਬਰ ਅਤੇ ਨੈੱਟਵਰਕ ਨਾਲ ਜੁੜੀ ਜਾਣਕਾਰੀ ਹਾਸਲ ਕਰਨ 'ਚ ਮਦਦ ਕਰਦਾ ਹੈ। ਸਧਾਰਨ ਭਾਸ਼ਾ ਵਿੱਚ IMEI ਨੰਬਰ ਨੂੰ ਫ਼ੋਨ ਦਾ ਡਿਜੀਟਲ ਫਿੰਗਰਪ੍ਰਿੰਟ ਕਿਹਾ ਜਾਂਦਾ ਹੈ। ਤੁਸੀਂ ਇਸ ਦੀ ਮਦਦ ਨਾਲ ਗੁੰਮ ਜਾਂ ਚੋਰੀ ਹੋਏ ਫ਼ੋਨ ਨੂੰ ਵੀ ਟਰੈਕ ਕਰ ਸਕਦੇ ਹੋ। IMEI ਨੰਬਰ ਤੋਂ ਤੁਹਾਨੂੰ ਫੋਨ ਮਾਡਲ, ਨਿਰਮਾਣ ਦੀ ਜਗ੍ਹਾ ਅਤੇ ਸੀਰੀਅਲ ਨੰਬਰ ਵਰਗੀ ਜਾਣਕਾਰੀ ਮਿਲਦੀ ਹੈ।