Digital Fraud: ਦੂਰਸੰਚਾਰ ਵਿਭਾਗ (DoT) ਨੇ ਹਾਲ ਹੀ ਵਿੱਚ ਮਿਆਂਮਾਰ, ਲਾਓਸ, ਕੰਬੋਡੀਆ ਅਤੇ ਵੀਅਤਨਾਮ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੀਆਂ ਧੋਖਾਧੜੀ ਵਾਲੀਆਂ ਅੰਤਰਰਾਸ਼ਟਰੀ ਕਾਲਾਂ ਅਤੇ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਡਿਜੀਟਲ ਧੋਖਾਧੜੀ ਨੂੰ ਰੋਕਣ ਦੇ ਉਦੇਸ਼ ਨਾਲ, DoT ਨੇ ਇਨ੍ਹਾਂ ਦੇਸ਼ਾਂ ਵਿੱਚ ਲਗਭਗ 4.8 ਲੱਖ ਫਰਜ਼ੀ ਮੋਬਾਈਲ ਕਨੈਕਸ਼ਨਾਂ ਦੀ ਪਛਾਣ ਕੀਤੀ ਹੈ।


ਬੰਦ ਕੀਤੇ 2 ਲੱਖ ਕੁਨੈਕਸ਼ਨ


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਹੁਣ ਤੱਕ 2 ਲੱਖ ਅਜਿਹੇ ਕੁਨੈਕਸ਼ਨ ਬੰਦ ਕਰ ਦਿੱਤੇ ਹਨ। ਬਾਕੀ 2.8 ਲੱਖ ਨੰਬਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਮੋਬਾਈਲ ਕਨੈਕਸ਼ਨਾਂ ਤੋਂ ਇਲਾਵਾ, DoT ਨੇ ਇਨ੍ਹਾਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ 6,200 ਮੋਬਾਈਲ ਹੈਂਡਸੈੱਟਾਂ ਦੀ ਵੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਭਾਰਤ ਵਿੱਚ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਕਾਰਵਾਈ ਇੰਟਰਨੈਸ਼ਨਲ ਫੇਕ ਕਾਲ ਪ੍ਰੀਵੈਂਸ਼ਨ ਸਿਸਟਮ ਦੀ ਸ਼ੁਰੂਆਤ ਤੋਂ ਬਾਅਦ ਕੀਤੀ ਗਈ ਹੈ, ਜੋ ਭਾਰਤ ਦੇ ਡਿਜੀਟਲ ਅਤੇ ਵਿੱਤੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ DoT ਦੇ ਸਰਗਰਮ ਕਦਮਾਂ ਨੂੰ ਦਰਸਾਉਂਦੀ ਹੈ।






I4C ਦੇ ਕਹਿਣ 'ਤੇ ਹੋਇਆ ਐਕਸ਼ਨ


ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਡਿਜੀਟਲ ਗ੍ਰਿਫਤਾਰੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਕਾਰਨ ਕਈ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅਜਿਹੇ 'ਚ ਗ੍ਰਹਿ ਮੰਤਰਾਲੇ ਦੇ ਸਾਈਬਰ ਫਰਾਡ ਕੋਆਰਡੀਨੇਸ਼ਨ ਸੈਂਟਰ (I4C) ਨੇ ਸਾਈਬਰ ਕ੍ਰਾਈਮ ਪੋਰਟਲ 'ਤੇ ਡਿਜੀਟਲ ਗ੍ਰਿਫਤਾਰੀ ਦੀਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸ਼ਿਕਾਇਤ ਮਿਲਣ 'ਤੇ I4C ਨੇ Meta ਦੇ ਪ੍ਰਸਿੱਧ ਪਲੇਟਫਾਰਮ WhatsApp ਨੂੰ ਅਜਿਹੇ ਖਾਤਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।


ਕੀ ਹੁੰਦਾ Digital Arrest?


ਤੁਹਾਨੂੰ ਦੱਸ ਦਈਏ ਕਿ ਇਸ ਕਾਰਵਾਈ ਦਾ ਕਾਰਨ ਡਿਜੀਟਲ ਗ੍ਰਿਫਤਾਰੀ ਹੈ ਜੋ ਪਿਛਲੇ ਕੁਝ ਦਿਨਾਂ ਵਿੱਚ ਤੇਜ਼ੀ ਨਾਲ ਵਧੀ ਹੈ। ਪਰ ਆਖ਼ਰਕਾਰ ਇਹ Digital Arrest ਕੀ ਹੈ? ਦਰਅਸਲ, ਇਹ ਸਾਈਬਰ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਹੈ। ਇਸ ਧੋਖਾਧੜੀ ਵਿੱਚ ਘੁਟਾਲੇਬਾਜ਼ ਸੀ.ਬੀ.ਆਈ., ਈ.ਡੀ., ਇਨਕਮ ਟੈਕਸ ਅਧਿਕਾਰੀਆਂ ਦਾ ਜਾਅਲਸਾਜ਼ ਬਣਾਉਂਦੇ ਹਨ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਇਸ ਧੋਖਾਧੜੀ ਨੂੰ ਕਰਨ ਲਈ, ਧੋਖੇਬਾਜ਼ ਸੋਸ਼ਲ ਇੰਜਨੀਅਰਿੰਗ ਦਾ ਸਹਾਰਾ ਲੈਂਦੇ ਹਨ। ਇਸ ਨਾਲ ਲੋਕ ਵਿਸ਼ਵਾਸ ਕਰਦੇ ਹਨ ਕਿ ਠੱਗ ਅਸਲ ਵਿੱਚ ਇੱਕ ਅਧਿਕਾਰੀ ਹੈ। ਅਜਿਹੀ ਸਥਿਤੀ ਵਿੱਚ ਲੋਕ ਡਰ ਜਾਂਦੇ ਹਨ ਅਤੇ ਉਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਜਾਂਦੇ ਹਨ।