ਮਹਿਤਾਬ-ਉਦ-ਦੀਨ
ਚੰਡੀਗੜ੍ਹ: ਮਾਰਕ ਜ਼ਕਰਬਰਗ ਦੇ ‘ਫ਼ੇਸਬੁੱਕ ਗਰੁੱਪ’ ਨੂੰ ਇਕੱਲੇ ਭਾਰਤ ’ਚੋਂ 1 ਅਰਬ ਡਾਲਰ ਦੀ ਕਮਾਈ ਹੋਈ ਹੈ; ਜੋ 7,400 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਣ ਲੌਕਡਾਊਨ ਦੌਰਾਨ ਫ਼ੇਸਬੁੱਕ, ਇੰਸਟਾਗ੍ਰਾਮ ਤੇ ਵ੍ਹਟਸਐਪ ਜਿਹੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਦੀ ਬਹੁਤ ਜ਼ਿਆਦਾ ਚੜ੍ਹਤ ਹੋਈ ਹੈ। ਅਨੁਮਾਨ ਹੈ ਕਿ ਭਾਰਤ ’ਚ ‘ਫ਼ੇਸਬੁੱਕ ਗਰੁੱਪ’ ਦੀ ਆਮਦਨ ਸਾਲ 2020-21 ਦੌਰਾਨ 9,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਜਾਵੇਗੀ।
ਪਿਛਲੇ ਵਿੱਤੀ ਵਰ੍ਹੇ ਦੌਰਾਨ ਇਸੇ ਗਰੁੱਪ ਦੀ ਸਾਲਾਨਾ ਆਮਦਨ 6,613 ਕਰੋੜ ਰੁਪਏ ਸੀ। ਹਾਲੇ ਅਸਲ ਅੰਕੜਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ ਕਿਉਂਕਿ ਰਜਿਸਟਰਾਰ ਆਫ਼ ਕੰਪਨੀਜ਼ ਕੋਲ ਪੂਰੇ ਅੰਕੜੇ ਨਹੀਂ ਪੁੱਜੇ ਹਨ।
‘ਫ਼ੇਸਬੁੱਕ ਗਰੁੱਪ’ ਨੂੰ ਸਾਲ 2018-19 ਦੌਰਾਨ 2,254 ਕਰੋੜ ਰੁਪਏ ਦੀ ਆਮਦਨ ਹੋਈ ਸੀ। ਪਿਛਲੇ ਵਰ੍ਹੇ ਲੌਕਡਾਊਨ ਨੇ ਇਸ ਗਰੁੱਪ ਦੀ ਕਮਾਈ ਨੂੰ ਕਈ ਗੁਣਾ ਵਧਾ ਦਿੱਤਾ ਹੈ। ਭਾਰਤ ’ਚ ‘ਫ਼ੇਸਬੁੱਕ’ ਦੇ ਐੱਮਡੀ ਅਜੀਤ ਮੋਹਨ ਨੇ ਕਿਹਾ ਕਿ ਡਿਜੀਟਲ ਮਜ਼ਬੂਤ ਹੋ ਰਿਹਾ ਹੈ ਤੇ ਔਨਲਾਈਨ ਇਸ਼ਤਿਹਾਰਬਾਜ਼ੀ ਦਾ ਰੁਝਾਨ ਵਧਦਾ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਵੀ ਹੁਣ ਔਨਲਾਈਨ ਐਡਵਰਟਾਈਜ਼ਿੰਗ ਉੱਤੇ ਆਪਣੇ ਖ਼ਰਚੇ ਵਧਾ ਰਹੀਆਂਹਨ।
IPG ਦੇ ਸੀਈਓ ਸ਼ਸ਼ੀ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਵਿੱਤੀ ਵਰ੍ਹੇ ਦੌਰਾਨ ਡਿਜੀਟਲ ਮਾਰਕਿਟ ਵਿੱਚ 40% ਦਾ ਵਾਧਾ ਹੋਣ ਦਾ ਹੋ ਜਾਵੇਗਾ। ਪਿਛਲਾ ਸਾਲ ਇਸ ਮਾਮਲੇ ਵਿੱਚ ਬਹੁਤ ਵਧੀਆ ਰਿਹਾ। ਮਹਾਮਾਰੀ ਦੇ ਸਮੇਂ ਦੌਰਾਨ ਡਿਜੀਟਲ ਖਪਤ ਬਹੁਤ ਜ਼ਿਆਦਾ ਵਧੀ ਹੈ ਤੇ ਇਹ ਰੁਝਾਨ ਹੁਣ ਪਿਛਾਂਹ ਮੁੜਨ ਦਾ ਨਹੀਂ।
ਫ਼ੇਸਬੁੱਕ ਦੇ ਅਜੀਤ ਮੋਹਨ ਨੇ ਅਰਥਵਿਵਸਥਾ ਵਿੱਚ ਹੁਣ ਡਿਜੀਟਲ ਕੰਪਨੀਆਂ ਦੀ ਹਿੱਸੇਦਾਰੀ ਵਧਦੀ ਜਾ ਰਹੀ ਹੈ। ਕਾਰੋਬਾਰ ਭਾਵੇਂ ਛੋਟਾ ਹੋਵੇ ਤੇ ਚਾਹੇ ਵੱਡਾ- ਸਾਰੇ ਹੁਣ ਆਪਣੇ ਗਾਹਾਂ ਨਾਲ ਜੁੜਨ ਲਈ ਡਿਜੀਟਲ ਮਾਧਿਅਮ ਦੀ ਵਰਤੋਂ ਕਰਨ ਲੱਗ ਪਏ ਹਨ। ਜਦੋਂ ਪੂਰਾ ਵਿਸ਼ਵ ਮਹਾਮਾਰੀ ਕਾਰਣ ਬੰਦ ਪਿਆ ਸੀ, ਇੰਟਰਨੈੱਟ ਤਦ ਵੀ ਚੱਲ ਰਿਹਾ ਸੀ। ਹੁਣ ਇਸੇ ਗੱਲ ਦੀ ਖੋਜ ਕੀਤੀ ਜਾ ਰਹੀ ਹੈ ਕਿ ਕੀ ਮਹਾਮਾਰੀ ਦੌਰਾਨ ਲੋਕਾਂ ਦੇ ਵਿਵਹਾਰ ਵਿੱਚ ਜਿਹੜੀਆਂ ਤਬਦੀਲੀਆਂ ਆ ਗਈਆਂ ਹਨ, ਕੀ ਉਹ ਜਾਰੀ ਰਹਿਣਗੀਆਂ?
Dentsu Asia-pacific ਦੇ ਸੀਈਓ ਆਸ਼ੀਸ਼ ਭਸੀਨ ਨੇ ਕਿਹਾ ਕਿ ਡਿਜੀਟਲ ਖੇਤਰ ਵਿੱਚ ਵਾਧਾ ਜਿੰਨੀ ਤੇਜ਼ੀ ਨਾਲ ਹੋ ਰਿਹਾ ਹੈ, ਉਹ ਅਥਾਹ ਹੈ। ਜਿਹੜੀ ਤਬਦੀਲੀ ਪੰਜ ਤੋਂ 10 ਸਾਲਾਂ ਦੌਰਾਨ ਆਉਣੀ ਸੀ, ਉਹ ਮਹਾਮਾਰੀ ਦੇ ਲੌਕਡਾਊਨਜ਼ ਕਾਰਣ ਇੱਕ ਸਾਲ ਅੰਦਰ ਹੀ ਆ ਗਈ ਹੈ।