ਨਵੀਂ ਦਿੱਲੀ: ਗੂਗਲ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ। ਇਹ ਅਸੀਂ ਨਹੀਂ ਬਲਕਿ ਵਿਗਿਆਨੀਆਂ ਦਾ ਦਾਅਵਾ ਹੈ। ਬੈਲਜੀਅਮ ਦੇ ਭਾਸ਼ਾ ਵਿਗਿਆਨੀਆਂ ਨੇ ਯੂਜ਼ਰਜ਼ ਵੱਲੋਂ ਬਣਾਈ ਗਈ ਰਿਕਾਰਡਿੰਗ ਦੇ ਲਘੂ ਅੰਸ਼ਾਂ ਦੀ ਜਾਂਚ ਕਰ ਇਹ ਖੁਲਾਸਾ ਕੀਤਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਰਿਕਾਰਡਿੰਗ ਵਿੱਚ ਪਤਾ ਤੇ ਸੰਵੇਦਨਸ਼ੀਲ ਜਾਣਕਾਰੀ ਸਾਫ ਸੁਣ ਸਕਦੇ ਹਾਂ। ਇਸ ਨਾਲ ਗੱਲਬਾਤ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨਾ ਤੇ ਆਡੀਓ ਰਿਕਾਰਡਿੰਗ ਨਾਲ ਉਸ ਦਾ ਮੇਲ ਕਰਨਾ ਸੁਖਾਲਾ ਹੋ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਤੀ-ਪਤਨੀ ਦਰਮਿਆਨ ਬਹਿਸ ਤੇ ਇੱਥੋਂ ਤਕ ਕਿ ਲੋਕਾਂ ਦੀਆਂ ਨਿੱਜੀ ਗੱਲਾਂ ਸਾਰਾ ਕੁਝ ਇਨ੍ਹਾਂ ਰਿਕਾਰਡਿੰਗਜ਼ ਨੂੰ ਸੁਣਨ ਮਗਰੋਂ ਸਾਨੂੰ ਪਤਾ ਲੱਗਾ ਹੈ।

ਭਾਸ਼ਾ ਵਿਗਿਆਨੀਆਂ ਦੀ ਇਸ ਰਿਪੋਰਟ 'ਤੇ ਮੰਨਿਆ ਹੈ ਕਿ ਯੂਜ਼ਰਜ਼ ਦੀਆਂ ਗੱਲਾਂ ਕੰਪਨੀ ਦੇ ਕਰਮਚਾਰੀ ਸੁਣਦੇ ਹਨ। ਗੂਗਲ ਨੇ ਦਾਅਵਾ ਕੀਤਾ ਹੈ ਕਿ ਯੂਜ਼ਰਜ਼ ਰਿਕਾਰਡਿੰਗ ਇਸ ਲਈ ਸੁਣੀ ਜਾਂਦੀ ਹੈ ਤਾਂ ਜੋ ਵੌਇਸ ਰਿਕੋਗਨਿਸ਼ਨ (ਆਵਾਜ਼ ਪਛਾਣ) ਤਕਨਾਲੋਜੀ ਨੂੰ ਬਿਹਤਰ ਕੀਤਾ ਜਾ ਸਕੇ। ਹਾਲਾਂਕਿ, ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕਾਂ ਦੀ ਨਿੱਜਤਾ ਤੇ ਦੂਜਿਆਂ ਤੋਂ ਕੀਤਾ ਪਰਦਾ ਖ਼ਤਰੇ ਵਿੱਚ ਜਾਪਦਾ ਹੈ। ਹਰ ਪਾਸੇ ਸਵਾਲ ਉੱਠ ਰਹੇ ਹਨ।

ਗੂਗਲ ਵੌਇਸ ਰਿਕੋਗਨਾਈਜ਼ ਤਕਨਾਲੋਜੀ ਦੀ ਵਰਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਗ਼ੈਰ ਕੁਦਰਤੀ ਸਿਆਣਪ (AI) ਸਿਸਟਮ ਨਾਲ ਲੈੱਸ Google Assistant 'ਤੇ ਕਰਦਾ ਹੈ। ਗੂਗਲ ਇਸ ਪ੍ਰਣਾਲੀ ਦੀ ਵਰਤੋਂ ਸਮਾਰਟ ਸਪੀਕਰ ਤੇ ਐਂਡ੍ਰੌਇਡ ਸਮਾਰਟਫ਼ੋਨ 'ਤੇ ਕਰਦਾ ਹੈ। ਗੂਗਲ ਅਸਿਸਟੈਂਟ ਆਪਣੇ ਯੂਜ਼ਰ ਯਾਨੀ ਕਿ ਮਾਲਕ ਦੇ ਆਦੇਸ਼ਾਂ ਨੂੰ ਉਸ ਦੀ ਜ਼ੁਬਾਨੀ ਸੁਣਦਾ ਹੈ ਤੇ ਉਸ ਮੁਤਾਬਕ ਕਾਰਵਾਈ ਕਰਦਾ ਹੈ।