ਨਵੀਂ ਦਿੱਲੀ: ਅੱਜ-ਕੱਲ੍ਹ ਸਮਾਰਟਫ਼ੋਨ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗੀ ਹੈ। ਅਜਿਹੇ 'ਚ ਬੈਟਰੀ ਦਾ ਛੇਤੀ ਖ਼ਤਮ ਹੋਣਾ ਵੀ ਇੱਕ ਆਮ ਗੱਲ ਹੋ ਗਈ ਹੈ ਪਰ ਕਈ ਵਾਰ ਗਲਤ ਤਰੀਕੇ ਨਾਲ ਫ਼ੋਨ ਦੀ ਵਰਤੋਂ ਕਰਨ ਨਾਲ ਵੀ ਬੈਟਰੀ ਛੇਤੀ ਖ਼ਤਮ ਹੋਣ ਲੱਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਫ਼ੋਨ ਦੀ ਬੈਟਰੀ ਦੀ ਲਾਈਫ਼ ਵਧਾ ਸਕਦੇ ਹੋ।


ਕਦੋਂ ਮੋਬਾਈਲ ਚਾਰਜ ਕਰੀਏ


ਆਪਣੇ ਮੋਬਾਈਲ ਫ਼ੋਨ ਨੂੰ ਵਾਰ-ਵਾਰ ਚਾਰਜ ਕਰਨ ਤੋਂ ਬਚੋ। ਅਕਸਰ ਲੋਕ 40-50 ਫ਼ੀਸਦੀ ਬੈਟਰੀ ਹੋਣ ਦੇ ਬਾਵਜੂਦ ਫ਼ੋਨ ਨੂੰ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਕਿ ਬਿਲਕੁਲ ਸਹੀ ਨਹੀਂ ਹੈ। ਸਿਰਫ਼ ਉਦੋਂ ਹੀ ਫ਼ੋਨ ਨੂੰ ਚਾਰਜ ਕਰੋ ਜਦੋਂ ਬੈਟਰੀ 20 ਫ਼ੀਸਦੀ ਤਕ ਹੋਵੇ ਅਤੇ ਇਹ ਵੀ ਯਾਦ ਰੱਖੋ ਕਿ ਫ਼ੋਨ ਨੂੰ ਕਦੇ ਵੀ 100 ਫ਼ੀਸਦੀ ਤਕ ਚਾਰਜ ਨਾ ਕਰੋ। ਸਿਰਫ਼ 90 ਫ਼ੀਸਦੀ ਤਕ ਚਾਰਜ ਕਰੋ। ਅਜਿਹਾ ਕਰਨ ਨਾਲ ਬੈਟਰੀ ਦੀ ਲਾਈਫ਼ ਵੱਧਦੀ ਹੈ।


ਕਿੰਨੀ ਬ੍ਰਾਈਟਨੈਸ  ਜ਼ਰੂਰੀ ਹੈ


ਹਰੇਕ ਫ਼ੋਨ 'ਚ ਆਟੋ ਬ੍ਰਾਈਟਨੈਸ ਮੋਡ ਹੁੰਦਾ ਹੈ, ਜੋਕਿ ਰੌਸ਼ਨੀ ਅਨੁਸਾਰ ਬ੍ਰਾਈਟਨੈਸ ਤੈਅ ਕਰਦਾ ਹੈ। ਅਜਿਹੇ 'ਚ ਬੈਟਰੀ ਦੀ ਜ਼ਿਆਦਾ ਖਪਤ ਹੁੰਦੀ ਹੈ। ਇਸ ਲਈ ਤੁਸੀਂ ਆਪਣੇ ਅਨੁਸਾਰ ਡਿਸਪਲੇਅ ਦੀ ਬ੍ਰਾਈਟਨੈਸ ਸੈਟ ਕਰੋ।


ਨਕਲੀ ਚਾਰਜਰ ਦੀ ਵਰਤੋਂ ਨਾ ਕਰੋ


ਹਮੇਸ਼ਾ ਫ਼ੋਨ ਦੇ ਚਾਰਜਰ ਨਾਲ ਫ਼ੋਨ ਚਾਰਜ ਕਰੋ। ਕਿਸੇ ਹੋਰ ਫ਼ੋਨ ਦਾ ਚਾਰਜਰ ਤੁਹਾਡੇ ਫ਼ੋਨ ਅਤੇ ਬੈਟਰੀ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਿਰਫ਼ ਇੰਨਾ ਹੀ ਨਹੀਂ, ਨਕਲੀ ਚਾਰਜਰਾਂ ਦੀ ਵਰਤੋਂ ਖ਼ਤਰਨਾਕ ਵੀ ਸਾਬਤ ਹੋ ਸਕਦੀ ਹੈ।


ਬਲੂਟੁੱਥ, ਵਾਈਫਾਈ ਤੇ ਜੀਪੀਐਸ ਦੀ ਸਹੀ ਵਰਤੋਂ


ਅਸੀਂ ਰੋਜ਼ਾਨਾ ਆਪਣੇ ਫ਼ੋਨ 'ਚ ਬਲੂਟੁੱਥ, ਵਾਈਫਾਈ ਅਤੇ ਜੀਪੀਐਸ ਦੀ ਵਰਤੋਂ ਕਰਦੇ ਹਾਂ। ਪਰ ਅਕਸਰ ਵਰਤੋਂ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰਨਾ ਭੁੱਲ ਜਾਂਦੇ ਹਾਂ, ਜਿਸ ਕਾਰਨ ਬੈਟਰੀ ਦੀ ਜ਼ਿਆਦਾ ਖਪਤ ਹੁੰਦੀ ਹੈ।


ਵਾਈਬ੍ਰੇਟ ਮੋਡ
ਜਿਹੜੇ ਲੋਕ ਆਪਣੇ ਮੋਬਾਈਲ ਫ਼ੋਨ ਨੂੰ ਹਮੇਸ਼ਾ ਵਾਈਬ੍ਰੇਟ ਮੋਡ 'ਚ ਰੱਖਦੇ ਹਨ, ਉਨ੍ਹਾਂ ਦੀ ਫ਼ੋਨ ਦੀ ਬੈਟਰੀ ਛੇਤੀ ਖਤਮ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਇਹ ਬੈਟਰੀ ਦੇ ਨਾਲ-ਨਾਲ ਸਿਹਤ ਲਈ ਵੀ ਖਤਰਨਾਕ ਹੈ। ਫ਼ੋਨ ਨੂੰ ਟਚ ਕਰਨ ਸਮੇਂ ਜਾਂ ਕਿਸੇ ਬਟਨ ਨੂੰ ਦਬਾਉਣ ਸਮੇਂ ਜਿਹੜੀ ਵਾਈਬ੍ਰੇਸ਼ਨ ਹੁੰਦੀ ਹੈ, ਉਸ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੈਟਰੀ ਦੀ ਸਿਹਤ ਖ਼ਰਾਬ ਹੁੰਦੀ ਹੈ।