ਨਵੀਂ ਦਿੱਲੀ: ਅੱਜ-ਕੱਲ੍ਹ ਲੋਕ ਘੰਟਿਆਂ ਬੱਧੀ ਫ਼ੋਨ ’ਤੇ ਗੱਲ ਕਰਦੇ ਹਨ। ਖ਼ਾਸ ਤੌਰ ’ਤੇ ਕੋਰੋਨਾ ’ਚ ਲੋਕ ਇੱਕ-ਦੂਜੇ ਨੂੰ ਮਿਲ ਨਹੀਂ ਪਾ ਰਹੇ ਤੇ ਉਹ ਫ਼ੋਨ ’ਤੇ ਹੀ ਗੱਲ ਕਰ ਕੇ ਆਪਸ ’ਚ ਹਾਲ-ਚਾਲ ਜਾਣ ਰਹੇ ਹਨ। ਇਸ ਤੋਂ ਇਲਾਵਾ ਦਫ਼ਤਰ ’ਚ ਲੋਕ ਕੰਮ ਦੇ ਸਿਲਸਿਲੇ ਵਿੱਚ ਘੰਟਿਆਂ ਬੱਧੀ ਗੱਲ ਕਰਦੇ ਹਨ। ਮਨੋਰੰਜਨ ਲਈ ਵੀ ਲੋਕ ਫ਼ੋਨ ਦੀ ਹੀ ਵਰਤੋਂ ਕਰਦੇ ਹਨ; ਇਸੇ ਲਈ ਸਭ ਤੋਂ ਵੱਧ ਦਬਾਅ ਤੁਹਾਡੇ ਫ਼ੋਨ ਦੀ ਬੈਟਰੀ ’ਤੇ ਪੈਂਦਾ ਹੈ। ਇਸ ਨਾਲ ਕਿਤੇ ਨਾ ਕਿਤੇ ਤੁਹਾਡੇ ਫ਼ੋਨ ਦੀ ਬੈਟਰੀ ਲਾਈਫ਼ ਵੀ ਘੱਟ ਹੁੰਦੀ ਹੈ। ਤੁਹਾਨੂੰ ਵਾਰ-ਵਾਰ ਆਪਣਾ ਫ਼ੋਨ ਚਾਰਜ ਕਰਨਾ ਪੈਂਦਾ ਹੈ। ਕਈ ਵਾਰ ਤਾਂ ਘੰਟਿਆਂ ਬੱਧੀ ਚਾਰਜਿੰਗ ’ਚ ਲੱਗਾ ਰਹਿਣ ਦੇ ਬਾਵਜੂਦ ਫ਼ੋਨ ਦੀ ਬੈਟਰੀ ਬਹੁਤ ਛੇਤੀ ਖ਼ਤਮ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਤੁਸੀਂ ਆਪਣੇ ਫ਼ੋਨ ਦੀ ਬੈਟਰੀ ਲਾਈਫ਼ ਵਧਾਉਣ ਲਈ ਹੇਠਾਂ ਦਿੱਤੇ ਨੁਕਤਿਆਂ ਉੱਤੇ ਗ਼ੌਰ ਕਰ ਸਕਦੇ ਹੋ:


1. ਓਰਿਜਿਨਲ ਚਾਰਜਰ ਵਰਤੋ


ਫ਼ੋਨ ਦੀ ਬੈਟਰੀ ਖ਼ਰਾਬ ਹੋਣ ਤੋਂ ਬਚਾਉਣਾ ਹੈ ਤੇ ਲੰਮੇ ਸਮੇਂ ਤੱਕ ਚਲਾਉਣਾ ਹੈ, ਤਾਂ ਹਮੇਸ਼ਾ ਆਪਣੇ ਸਮਾਰਟਫ਼ੋਨ ਨੂੰ ਓਰਿਜਨਲ ਚਾਰਜਰ ਨਾਲ ਹੀ ਚਾਰਜ ਕਰੋ। ਜੇ ਤੁਸੀਂ ਕਿਸੇ ਦੂਜੇ ਜਾਂ ਲੋਕਲ ਚਾਰਜਰ ਤੋਂ ਫ਼ੋਨ ਚਾਰਜ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਉੱਤੇ ਮਾੜਾ ਅਸਰ ਪੈਂਦਾ ਹੈ। ਲਗਾਤਾਰ ਇੰਝ ਕਰਨ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਖ਼ਰਾਬ ਵੀ ਹੋ ਸਕਦੀ ਹੈ।


2. ਕਵਰ ਹਟਾ ਕੇ ਫ਼ੋਨ ਚਾਰਜ ਕਰੋ


ਫ਼ੋਨ ਨੂੰ ਡੈਮੇਜ ਹੋਣ ਤੋਂ ਬਚਾਉਣ ਲਈ ਅਸੀਂ ਸਾਰੇ ਕਵਰ ਵਰਤਦੇ ਹਾਂ ਪਰ ਕਵਰ ਲਾ ਕੇ ਫ਼ੋਨ ਚਾਰਜ ਕਰਨ ਨਾਲ ਫ਼ੋਨ ਛੇਤੀ ਗਰਮ ਹੋ ਜਾਂਦਾ ਹੈ। ਕਈ ਵਾਰ ਚਾਰਜਿੰਗ ਪਿੰਨ ਠੀਕ ਤਰ੍ਹਾਂ ਨਹੀਂ ਲੱਗ ਪਾਉਂਦੀ ਤੇ ਫ਼ੋਨ ਚਾਰਜ ਨਹੀਂ ਹੁੰਦਾ। ਇਸ ਲਈ ਫ਼ੋਨ ਨੂੰ ਇੱਕੋ ਵਾਰੀ ’ਚ ਫ਼ੁੱਲ ਚਾਰਜ ਕਰਨ ਦੀ ਕੋਸ਼ਿਸ਼ ਕਰੋ।


3. 20 ਫ਼ੀਸਦੀ ਬੈਟਰੀ ਰਹਿਣ ’ਤੇ ਤੁਰੰਤ ਚਾਰਜ ਕਰੋ


ਕਈ ਵਾਰ ਅਸੀਂ ਫ਼ੋਨ ਦੀ ਚਾਰਜਿੰਗ ਨੂੰ ਲੈ ਕੇ ਲਾਪਰਵਾਹੀ ਵਰਤਦੇ ਹਨ। ਫ਼ੋਨ ਜਦ ਤੱਕ ਖ਼ੁਦ ਸਵਿੱਚ ਆਫ਼ ਨਾ ਹੋ ਜਾਵੇ, ਅਸੀਂ ਚਾਰਜ ਨਹੀਂ ਕਰਦੇ ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਕਰਨ ਨਾਲ ਫ਼ੋਨ ਦੀ ਬੈਟਰੀ ਉੱਤੇ ਬਹੁਤ ਅਸਰ ਪੈਂਦਾ ਹੈ। ਜੇ ਤੁਸੀਂ ਆਪਣੇ ਫ਼ੋਨ ਦੀ ਬੈਟਰੀ ਨੂੰ ਠੀਕ-ਠਾਕ ਰੱਖਣਾ ਹੈ, ਤਾਂ ਸਦਾ 20 ਫ਼ੀ ਸਦੀ ਬੈਟਰੀ ਬਚਣ ’ਤੇ ਫ਼ੋਨ ਚਾਰਜਿੰਗ ’ਤੇ ਲਾ ਦੇਵੋ। ਬੈਟਰੀ ਨੂੰ ਬਿਨਾ ਡਾਊਨ ਹੋਇਆਂ ਚਾਰਜ ਕਰਨ ਨਾਲ ਤੁਸੀਂ ਮਾੜੇ ਪ੍ਰਭਾਵ ਤੋਂ ਬਚ ਸਕਦੇ ਹੋ। ਇਸ ਲਈ ਕਿਸੇ ਵਧੀਆ ਪਾਵਰ-ਬੈਂਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।


4. ਫ਼ਾਸਟ-ਚਾਰਜਿੰਗ ਐਪਸ ਦੀ ਵਰਤੋਂ ਨਾ ਕਰੋ


ਕਈ ਵਾਰ ਅਸੀਂ ਫ਼ੋਨ ਦੀ ਬੈਟਰੀ ਬਚਾਉਣ ਲਈ ਅਜਿਹੇ ਫ਼ਾਸਟ-ਚਾਰਜਿੰਗ ਐਪਸ ਡਾਊਨਲੋਡ ਕਰ ਲੈਂਦੇ ਹਾਂ, ਜੋ ਫ਼ੋਨ ’ਚ ਲਗਾਤਾਰ ਚੱਲਦੇ ਰਹਿੰਦੇ ਹਨ। ਇਸ ਨਾਲ ਭਾਵੇਂ ਚਾਰਜਿੰਗ ਛੇਤੀ ਹੋ ਜਾਂਦੀ ਹੋਵੇ ਪਰ ਬੈਟਰੀ ਛੇਤੀ ਖ਼ਤਮ ਹੋ ਜਾਂਦੀ ਹੈ। ਬੈਟਰੀ ਬਚਾਉਣ ਵਾਲੀਆਂ ਇਨ੍ਹਾਂ ਥਰਡ ਪਾਰਟੀ ਐਪਸ ਦਾ ਬੈਟਰੀ ਉੱਤੇ ਮਾੜਾ ਦਬਾਅ ਪੈਂਦਾ ਹੈ।


5.    ਪੂਰੀ ਰਾਤ ਚਾਰਜਿੰਗ ’ਚ ਨਾ ਲਾਓ


ਕਈ ਵਾਰ ਅਸੀਂ ਰਾਤ ਨੂੰ ਸੌਂਦੇ ਸਮੇਂ ਆਪਣਾ ਫ਼ੋਨ ਚਾਰਜਿੰਗ ’ਚ ਲਾ ਦਿੰਦੇ ਹਾਂ ਤੇ ਫ਼ੋਨ ਰਾਤ ਭਰ ਚਾਰਜ ਹੁੰਦਾ ਰਹਿੰਦਾ ਹੈ। ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੇ ਸਮਾਰਟਫ਼ੋਨ ਦੀ ਬੈਟਰੀ ਉੱਤੇ ਮਾੜਾ ਅਸਰ ਪੈਂਦਾ ਹੈ ਤੇ ਫ਼ੋਨ ਦੀ ਬੈਟਰੀ ਛੇਤੀ ਖ਼ਰਾਬ ਵੀ ਹੋ ਸਕਦੀ ਹੈ।