28 thousand phones Blocked: ਕੇਂਦਰ ਸਰਕਾਰ ਨੇ ਟੈਲੀਕਾਮ ਆਪਰੇਟਰਾਂ ਨੂੰ 28,200 ਮੋਬਾਈਲ ਹੈਂਡਸੈੱਟ ਬਲੌਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ 20 ਲੱਖ ਮੋਬਾਈਲ ਨੰਬਰਾਂ 'ਤੇ ਵੀ ਖ਼ਤਰੇ ਦੀ ਤਲਵਾਰ ਲਟਕ ਗਈ ਹੈ। ਦਰਅਸਲ, ਕੇਂਦਰ ਸਰਕਾਰ ਨੇ ਇਨ੍ਹਾਂ ਹੈਂਡਸੈੱਟਾਂ ਨਾਲ ਜੁੜੇ 20 ਲੱਖ ਮੋਬਾਈਲ ਨੰਬਰਾਂ ਦੀ ਮੁੜ ਵੈਰੀਵਿਕੇਸ਼ਨ ਕਰਨ ਦਾ ਹੁਕਮ ਦਿੱਤਾ ਹੈ। 


ਸੰਚਾਰ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਕਿਹਾ ਹੈ ਕਿ ਸਾਈਬਰ ਅਪਰਾਧ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਸੰਚਾਰ ਮੰਤਰਾਲੇ ਨੇ ਕਿਹਾ ਕਿ ਉਹ ਸਾਈਬਰ ਅਪਰਾਧਾਂ ਤੇ ਵਿੱਤੀ ਧੋਖਾਧੜੀ ਵਿੱਚ ਮੋਬਾਈਲ ਫੋਨ ਦੀ ਦੁਰਵਰਤੋਂ ਨੂੰ ਰੋਕਣ ਲਈ ਦੂਰਸੰਚਾਰ ਵਿਭਾਗ (ਡੀਓਟੀ), ਗ੍ਰਹਿ ਮੰਤਰਾਲੇ (ਐਮਐਚਏ) ਤੇ ਰਾਜ ਪੁਲਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ।


ਮੋਬਾਈਲ ਹੈਂਡਸੈੱਟਾਂ ਨੂੰ ਇਸ ਕਰਕੇ ਕੀਤਾ ਬਲੌਕ 
ਸੰਚਾਰ ਮੰਤਰਾਲੇ ਨੇ ਕਿਹਾ ਕਿ ਧੋਖੇਬਾਜ਼ਾਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ ਇਨ੍ਹਾਂ ਵਿਭਾਗਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਨਾਗਰਿਕਾਂ ਨੂੰ ਡਿਜੀਟਲ ਖਤਰਿਆਂ ਤੋਂ ਬਚਾਉਣਾ ਹੈ। ਗ੍ਰਹਿ ਮੰਤਰਾਲੇ ਤੇ ਰਾਜ ਪੁਲਿਸ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਸਾਈਬਰ ਅਪਰਾਧਾਂ ਵਿੱਚ 28,200 ਮੋਬਾਈਲ ਹੈਂਡਸੈੱਟਾਂ ਦੀ ਦੁਰਵਰਤੋਂ ਕੀਤੀ ਗਈ ਸੀ। ਇਸ ਕਾਰਨ ਇਨ੍ਹਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।



ਇਨ੍ਹਾਂ ਹੈਂਡਸੈੱਟਾਂ ਵਿੱਚ 20 ਲੱਖ ਨੰਬਰ ਵਰਤੇ ਗਏ:
ਦੂਰਸੰਚਾਰ ਵਿਭਾਗ (DoT) ਨੇ ਅੱਗੇ ਜਾਂਚ ਕੀਤੀ ਤੇ ਪਾਇਆ ਕਿ ਇਨ੍ਹਾਂ ਮੋਬਾਈਲ ਹੈਂਡਸੈੱਟਾਂ ਵਿੱਚ 20 ਲੱਖ ਨੰਬਰ ਸਾਈਬਰ ਅਪਰਾਧਾਂ ਵਿੱਚ ਵਰਤੇ ਗਏ ਸਨ। ਇਸ ਤੋਂ ਬਾਅਦ, DoT ਨੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਭਾਰਤ ਭਰ ਵਿੱਚ 28,200 ਮੋਬਾਈਲ ਹੈਂਡਸੈੱਟਾਂ ਨੂੰ ਬਲੌਕ ਕਰਨ ਤੇ ਇਨ੍ਹਾਂ ਹੈਂਡਸੈੱਟਾਂ ਨਾਲ ਜੁੜੇ 20 ਲੱਖ ਮੋਬਾਈਲ ਕਨੈਕਸ਼ਨਾਂ ਦੀ ਤੁਰੰਤ ਮੁੜ-ਤਸਦੀਕ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।


ਕਨੈਕਸ਼ਨਾਂ ਨੂੰ ਡਿਸਕਨੈਕਟ ਕੀਤਾ ਜਾਵੇਗਾ:
DoT ਨੇ ਟੈਲੀਕਾਮ ਕੰਪਨੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਜੇਕਰ ਰੀ-ਵੈਰੀਫਿਕੇਸ਼ਨ ਅਸਫਲ ਹੋ ਜਾਂਦੀ ਹੈ ਤਾਂ ਇਹ ਕੁਨੈਕਸ਼ਨ ਕੱਟ ਦਿੱਤੇ ਜਾਣ। ਦੂਰਸੰਚਾਰ ਵਿਭਾਗ (DoT) ਨੇ ਸਾਈਬਰ ਅਪਰਾਧ ਦੇ ਮਾਮਲੇ 'ਚ ਅਜਿਹਾ ਕਦਮ ਚੁੱਕਿਆ ਹੈ। ਮੰਗਲਵਾਰ ਨੂੰ DoT ਨੇ ਇੱਕ ਵਿੱਤੀ ਘੁਟਾਲੇ ਵਿੱਚ ਵਰਤੇ ਗਏ ਇੱਕ ਫੋਨ ਨੰਬਰ ਨੂੰ ਡਿਸਕਨੈਕਟ ਕਰ ਦਿੱਤਾ ਤੇ ਉਸ ਨੰਬਰ ਨਾਲ ਜੁੜੇ 20 ਮੋਬਾਈਲ ਹੈਂਡਸੈੱਟਾਂ ਨੂੰ ਵੀ ਬਲੌਕ ਕਰ ਦਿੱਤਾ।