Flight Mode in airplane: ਹਵਾਈ ਜਹਾਜ 'ਚ ਬੈਠਣ ਤੋਂ ਬਾਅਦ ਯਾਤਰੀਆਂ ਨੂੰ ਫ਼ੋਨ ਫਲਾਈਟ ਮੋਡ 'ਤੇ ਰੱਖਣ ਲਈ ਕਿਹਾ ਜਾਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ? ਦਰਅਸਲ, ਹਵਾਈ ਜਹਾਜ ਦੇ ਟੇਕ-ਆਫ ਜਾਂ ਲੈਂਡਿੰਗ ਦੇ ਸਮੇਂ ਫੋਨ ਨੂੰ ਫਲਾਈਟ ਮੋਡ ਵਿੱਚ ਰੱਖਣ ਦਾ ਇੱਕ ਵੱਡਾ ਕਾਰਨ ਹੈ। ਇੱਕ ਪਾਇਲਟ ਨੇ ਇਸ ਦੇ ਪਿੱਛੇ ਦਾ ਕਰਨ ਦੱਸਦਿਆਂ ਹੋਇਆਂ ਕਿਹਾ ਕਿ ਅਜਿਹਾ ਨਾ ਕਰਨ ਨਾਲ ਜਹਾਜ਼ ਦੇ ਪਾਇਲਟਾਂ ਨੂੰ ਹਦਾਇਤਾਂ ਸੁਣਨ 'ਚ ਮੁਸ਼ਕਲ ਆਉਂਦੀ ਹੈ, ਜਿਸ ਨਾਲ ਜਹਾਜ਼ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਯਾਤਰੀਆਂ ਦੀ ਜਾਨ ਵੀ ਜਾ ਸਕਦੀ ਹੈ।


ਪਾਇਲਟ ਨੇ ਦੱਸੀ ਵਜ੍ਹਾ


TikTok 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ @perchpoint ਹੈਂਡਲ ਵਾਲੇ ਇੱਕ ਪਾਇਲਟ ਨੇ ਕਿਹਾ ਕਿ ਟਾਵਰ ਨਾਲ ਕੁਨੈਕਟ ਹੋਣ ਦੀ ਕੋਸ਼ਿਸ਼ ਵਿੱਚ ਮੋਬਾਈਲ ਪਾਇਲਟ ਦੇ ਰੇਡੀਓ ਕਮਿਊਨੀਕੇਸ਼ਨ ਵਿੱਚ ਵਿਘਨ ਪਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇੱਕੋ ਸਮੇਂ ਕਈ ਮੋਬਾਈਲ ਫ਼ੋਨ ਟਾਵਰ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਪਾਇਲਟ ਨੂੰ ਆਪਣੇ ਰੇਡੀਓ ਸੈੱਟ 'ਤੇ ਨਿਰਦੇਸ਼ ਸੁਣਨ ਵਿੱਚ ਮੁਸ਼ਕਲ ਹੋ ਸਕਦੀ ਹੈ। ਇਹ ਮੋਬਾਈਲ ਫੋਨ ਰੇਡੀਓ ਤਰੰਗਾਂ ਨੂੰ ਛੱਡਦੇ ਹਨ, ਜੋ ਪਾਇਲਟ ਦੇ ਹੈੱਡਸੈੱਟ ਵਿੱਚ ਰੇਡੀਓ ਤਰੰਗਾਂ ਵਿੱਚ ਵਿਘਨ ਪਾ ਸਕਦੀਆਂ ਹਨ।


ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਦਾ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਅਜਿਹੀ ਹੀ ਸਥਿਤੀ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਹ ਕੰਟਰੋਲ ਟਾਵਰ ਤੋਂ ਆਪਣੇ ਜਹਾਜ਼ ਦੇ ਦਿਸ਼ਾ-ਨਿਰਦੇਸ਼ਾਂ ਲਈ ਪੁੱਛ ਰਿਹਾ ਸੀ, ਪਰ ਮੋਬਾਈਲ ਫੋਨ ਤੋਂ ਆ ਰਹੀਆਂ ਰੇਡੀਓ ਤਰੰਗਾਂ ਕਾਰਨ ਉਹ ਨਿਰਦੇਸ਼ਾਂ ਨੂੰ ਸਪੱਸ਼ਟ ਤੌਰ 'ਤੇ ਸੁਣ ਨਹੀਂ ਸਕਿਆ। ਉਨ੍ਹਾਂ ਨੇ ਇਸ ਦੀ ਤੁਲਨਾ ਕੰਨ ਵਿੱਚ ਮੱਛਰ ਦੇ ਵੜਨ ਦੀ ਆਵਾਜ਼ ਨਾਲ ਕੀਤੀ ਸੀ।


ਭਾਰਤ ਵਿੱਚ ਫੋਨ ਫਲਾਈਟ ਮੋਡ 'ਤੇ ਲਾਉਣ ਨੂੰ ਲੈਕੇ ਕੀ ਹਨ ਦਿਸ਼ਾ-ਨਿਰਦੇਸ਼
ਭਾਰਤ ਵਿੱਚ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (DGCA) ਦੇ ਨਿਰਦੇਸ਼ਾਂ ਦੇ ਅਨੁਸਾਰ, ਯਾਤਰੀਆਂ ਨੂੰ ਉਡਾਣ ਭਰਦੇ ਸਮੇਂ ਆਪਣੇ ਫੋਨ ਨੂੰ ਫਲਾਈਟ ਮੋਡ 'ਤੇ ਰੱਖਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀਆਂ ਨੂੰ ਮੋਬਾਈਲ ਦੇ ਨਾਲ-ਨਾਲ ਲੈਪਟਾਪ ਅਤੇ ਟੈਬ ਸਮੇਤ ਹਰ ਪੋਰਟੇਬਲ ਇਲੈਕਟ੍ਰਾਨਿਕ ਡਿਵਾਈਸ ਨੂੰ ਫਲਾਈਟ ਮੋਡ 'ਚ ਰੱਖਣਾ ਹੋਵੇਗਾ। ਹਾਲਾਂਕਿ, ਕੁਝ ਏਅਰਲਾਈਨਾਂ ਆਪਣੇ ਜਹਾਜ਼ ਦੀ ਸਮਰੱਥਾ ਅਤੇ DGCA ਤੋਂ ਮਨਜ਼ੂਰੀ ਦੇ ਆਧਾਰ 'ਤੇ ਇਨ-ਫਲਾਈਟ ਵਾਈ-ਫਾਈ ਸੁਵਿਧਾ ਪ੍ਰਦਾਨ ਕਰ ਸਕਦੀਆਂ ਹਨ।