Jammu Kashmir News: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਫੌਜ ਦੇ ਜਵਾਨਾਂ ਵਲੋਂ ਕਥਿਤ ਤੌਰ 'ਤੇ 4 ਪੁਲਸ ਕਰਮਚਾਰੀਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਤਿੰਨ ਲੈਫਟੀਨੈਂਟ ਕਰਨਲ ਸਮੇਤ 16 ਫੌਜੀਆਂ 'ਤੇ ਹੱਤਿਆ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਦੇ ਕਈ ਮਾਮਲਿਆਂ 'ਚ ਮਾਮਲਾ ਦਰਜ ਕੀਤਾ ਗਿਆ ਹੈ .


ਇਨ੍ਹਾਂ ਸਿਪਾਹੀਆਂ ਖਿਲਾਫ ਮੰਗਲਵਾਰ (28 ਮਈ) ਦੇਰ ਰਾਤ ਕੁਪਵਾੜਾ ਥਾਣੇ 'ਤੇ ਹਮਲਾ ਕਰਨ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 


'ਪੁਲਿਸ ਅਤੇ ਫੌਜ ਦੇ ਮਤਭੇਦ ਸੁਲਝਾ ਲਏ ਗਏ ਹਨ'


ਇੱਕ ਰੱਖਿਆ ਬੁਲਾਰੇ ਨੇ ਕਿਹਾ ਕਿ ਪੁਲਿਸ ਅਤੇ ਫੌਜ ਦੇ ਜਵਾਨਾਂ ਦਰਮਿਆਨ ਮਾਮੂਲੀ ਮਤਭੇਦਾਂ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਕੁਪਵਾੜਾ ਥਾਣੇ 'ਚ ਤਾਇਨਾਤ ਵਿਸ਼ੇਸ਼ ਪੁਲਸ ਅਧਿਕਾਰੀ ਰਈਸ ਖਾਨ, ਇਮਤਿਆਜ਼ ਮਲਿਕ ਅਤੇ ਕਾਂਸਟੇਬਲ ਸਲੀਮ ਮੁਸ਼ਤਾਕ ਅਤੇ ਜ਼ਹੂਰ ਅਹਿਮਦ ਨੂੰ ਮੰਗਲਵਾਰ ਦੇਰ ਰਾਤ ਸੌਰਾ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਹਸਪਤਾਲ (SKIMS) 'ਚ ਭਰਤੀ ਕਰਵਾਇਆ ਗਿਆ।


ਫੌਜ ਨੇ ਪੁਲਿਸ ਵਾਲਿਆਂ ਨੂੰ ਕਿਉਂ ਕੁੱਟਿਆ?


ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫੌਜ ਦੇ ਇਕ ਅਧਿਕਾਰੀ ਦੀ ਅਗਵਾਈ ਵਿਚ ਇਕ ਟੀਮ ਨੇ ਕਥਿਤ ਤੌਰ 'ਤੇ ਥਾਣੇ ਵਿਚ ਦਾਖਲ ਹੋ ਕੇ ਪੁਲਸ ਕਰਮਚਾਰੀਆਂ ਦੀ ਕੁੱਟਮਾਰ ਕੀਤੀ। ਸੂਤਰਾਂ ਨੇ ਦੱਸਿਆ ਕਿ ਪੁਲਸ ਟੀਮ ਨੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਕੁਪਵਾੜਾ ਦੇ ਬਟਪੋਰਾ ਇਲਾਕੇ 'ਚ ਟੈਰੀਟੋਰੀਅਲ ਆਰਮੀ ਦੇ ਜਵਾਨ ਦੇ ਘਰ 'ਤੇ ਕਥਿਤ ਤੌਰ 'ਤੇ ਛਾਪਾ ਮਾਰਿਆ ਸੀ। ਸੂਤਰਾਂ ਅਨੁਸਾਰ ਪੁਲਿਸ ਦੀ ਇਸ ਕਾਰਵਾਈ ਤੋਂ ਸਥਾਨਕ ਫ਼ੌਜੀ ਯੂਨਿਟ ਕਥਿਤ ਤੌਰ 'ਤੇ ਨਾਰਾਜ਼ ਸੀ, ਜਿਸ ਤੋਂ ਬਾਅਦ ਉਹ ਥਾਣੇ 'ਚ ਦਾਖ਼ਲ ਹੋ ਗਏ |


ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ


ਸ੍ਰੀਨਗਰ ਵਿੱਚ ਇੱਕ ਰੱਖਿਆ ਬੁਲਾਰੇ ਨੇ ਕਿਹਾ ਕਿ ਪੁਲਿਸ ਅਤੇ ਫੌਜ ਦੇ ਜਵਾਨਾਂ ਵਿਚਕਾਰ ਝੜਪਾਂ ਅਤੇ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਦੀਆਂ ਖਬਰਾਂ ਝੂਠੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਅਤੇ ਟੈਰੀਟੋਰੀਅਲ ਆਰਮੀ ਯੂਨਿਟ ਵਿਚਕਾਰ ਕਿਸੇ ਵੀ ਸੰਚਾਲਨ ਮਾਮਲੇ 'ਤੇ ਮਾਮੂਲੀ ਮਤਭੇਦ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਧਾਰਾ 307 (ਕਤਲ ਦੀ ਕੋਸ਼ਿਸ਼), ਧਾਰਾ 186 (ਸਰਕਾਰੀ ਸੇਵਕ ਨੂੰ ਰੋਕਣਾ), ਧਾਰਾ 332 (ਲੋਕ ਸੇਵਕ ਨੂੰ ਸੱਟ ਪਹੁੰਚਾਉਣਾ) ਅਤੇ ਧਾਰਾ 365 (ਅਗਵਾ) ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।