2000 Rupees Note: ਸ਼ੁੱਕਰਵਾਰ ਨੂੰ ਆਰਬੀਆਈ ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ 'ਚ 2000 ਦੇ ਨੋਟ ਦੀ ਦਿੱਖ ਘੱਟ ਗਈ ਸੀ ਪਰ ਹੁਣ ਇਸ ਦਾ ਸਰਕੂਲੇਸ਼ਨ ਵਾਪਸ ਲੈ ਲਿਆ ਗਿਆ ਹੈ। ਹੁਣ ਤੱਕ ਤੁਸੀਂ 2000 ਰੁਪਏ ਦੇ ਨੋਟ ਨੂੰ ਸਭ ਤੋਂ ਵੱਡੇ ਨੋਟ ਵਜੋਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਕਰੰਸੀ ਵਿੱਚ ਕਈ ਵੱਡੇ ਨੋਟ ਦਾਖਲ ਹੋ ਚੁੱਕੇ ਹਨ?
ਪਹਿਲਾਂ ਹੀ ਛਾਪੇ ਜਾ ਚੁੱਕੇ ਨੇ ਵੱਡੇ ਨੋਟ
ਤੁਸੀਂ ਸ਼ਾਇਦ ਇਸ ਗੱਲ 'ਤੇ ਵਿਸ਼ਵਾਸ ਨਾ ਕਰੋ, ਪਰ ਇਹ ਸੱਚ ਹੈ ਕਿ ਕਿਸੇ ਸਮੇਂ ਭਾਰਤ 'ਚ 1 ਲੱਖ ਰੁਪਏ ਦਾ ਨੋਟ ਵੀ ਛਪਦਾ ਸੀ। ਜੀ ਹਾਂ, ਇਸ ਨੂੰ ਦੇਖਣਾ ਤਾਂ ਦੂਰ, ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਸੁਣਿਆ ਵੀ ਨਹੀਂ ਹੋਵੇਗਾ... ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ 2000 ਦੇ ਨੋਟ ਤੋਂ ਪਹਿਲਾਂ ਭਾਰਤ ਵਿੱਚ ਕਿਹੜੇ ਵੱਡੇ ਨੋਟਾਂ ਦੀ ਛਪਾਈ ਹੋਈ ਹੈ।
5000 ਅਤੇ 10000 ਰੁਪਏ ਦੇ ਨੋਟ
ਆਰਬੀਆਈ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਭਾਰਤ ਵਿੱਚ 1938 ਅਤੇ 1954 ਵਿੱਚ ਵੀ 10,000 ਰੁਪਏ ਦੇ ਨੋਟ ਛਾਪੇ ਗਏ ਸਨ। ਹਾਲਾਂਕਿ, ਇਹ ਨੋਟ (1,000 ਅਤੇ 10,000 ਰੁਪਏ) 1946 ਵਿੱਚ ਨੋਟਬੰਦੀ ਦੇ ਤਹਿਤ ਬੰਦ ਕਰ ਦਿੱਤੇ ਗਏ ਸਨ।
ਬਾਅਦ ਵਿੱਚ, ਇਹ ਬੈਂਕ ਨੋਟ (1000, 5000 ਅਤੇ 10000 ਰੁਪਏ) 1954 ਵਿੱਚ ਦੁਬਾਰਾ ਸ਼ੁਰੂ ਕੀਤੇ ਗਏ ਸਨ। ਇਨ੍ਹਾਂ ਨੋਟਾਂ ਨੂੰ 1978 ਵਿੱਚ ਮੋਰਾਰਜੀ ਦੇਸਾਈ ਸਰਕਾਰ ਨੇ ਬੰਦ ਕਰ ਦਿੱਤਾ ਸੀ। ਉਦੋਂ ਤੋਂ ਇਹ ਨੋਟ ਮੁੜ ਚਾਲੂ ਨਹੀਂ ਹੋਏ ਸਨ।
1 ਲੱਖ ਰੁਪਏ ਦਾ ਨੋਟ
ਦੱਸ ਦੇਈਏ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਸਰਕਾਰ ਦੌਰਾਨ 1 ਲੱਖ ਰੁਪਏ ਦਾ ਨੋਟ ਆਇਆ ਸੀ। ਇਸ ਨੋਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ਛਪੀ ਸੀ, ਮਹਾਤਮਾ ਗਾਂਧੀ ਦੀ ਨਹੀਂ, ਇਹ ਨੋਟ ਆਜ਼ਾਦ ਹਿੰਦ ਬੈਂਕ ਨੇ ਜਾਰੀ ਕੀਤਾ ਸੀ। ਇਸ ਬੈਂਕ ਦਾ ਗਠਨ ਵੀ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਕੀਤਾ ਸੀ। ਇਹ ਬੈਂਕ ਰੰਗੂਨ, ਬਰਮਾ ਵਿੱਚ ਸਥਿਤ ਸੀ। ਇਸ ਨੂੰ ਬੈਂਕ ਆਫ਼ ਇੰਡੀਪੈਂਡੈਂਸ ਵੀ ਕਿਹਾ ਜਾਂਦਾ ਸੀ। ਇਹ ਬੈਂਕ ਵਿਸ਼ੇਸ਼ ਤੌਰ 'ਤੇ ਦਾਨ ਇਕੱਠਾ ਕਰਨ ਲਈ ਬਣਾਇਆ ਗਿਆ ਸੀ, ਜੋ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਦਿਵਾਉਣ ਲਈ ਦਿੱਤਾ ਗਿਆ ਸੀ। 1 ਲੱਖ ਰੁਪਏ ਦਾ ਨੋਟ ਜਾਰੀ ਕਰਨ ਵਾਲੇ ਆਜ਼ਾਦ ਹਿੰਦ ਬੈਂਕ ਨੂੰ ਦੁਨੀਆ ਦੇ 10 ਦੇਸ਼ਾਂ ਦਾ ਸਮਰਥਨ ਹਾਸਲ ਸੀ।