ਕੈਨੇਡਾ ਵਿਚ ਲੋਕਾਂ ਨੂੰ ਮੁਫਤਖੋਰੀ ਦੀ ਸਿੱਖਿਆ ਦੇਣ ਵਾਲੇ ਟੀ.ਡੀ. ਬੈਂਕ ਵਿਚ ਕੰਮ ਕਰਦੇ ਭਾਰਤੀ ਡਾਟਾ ਸਾਇੰਟਿਸਟ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਭਾਰਤੀ ਮੂਲ ਦੇ ਮੁਲਾਜ਼ਮ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ ‘ਤੇ ਇਕ ਵੀਡੀਓ ਅਪਲੋਡ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਨੇਹਾ ਦਿਤਾ ਕਿ ਉਹ ਖਾਣ-ਪੀਣ ਦੀ ਪਰਵਾਹ ਬਿਲਕੁਲ ਨਾ ਕਰਨ। ਫੂਡ ਬੈਂਕਸ ਵਿਚ ਹਰ ਕਿਸਮ ਦਾ ਖਾਣਾ ਮਿਲ ਜਾਂਦਾ ਹੈ ਅਤੇ ਉਥੋਂ ਇਹ ਬਿਲਕੁਲ ਮੁਫਤ ਹਾਸਲ ਕੀਤਾ ਜਾ ਸਕਦਾ ਹੈ। ਉਹ ਖੁਦ ਵੀ ਫੂਡ ਬੈਂਕ ਤੋਂ ਖਾਣਾ ਖਾ ਕੇ ਹਜ਼ਾਰਾਂ ਡਾਲਰ ਬਚਾ ਚੁੱਕਾ ਹੈ।


ਸੋਸ਼ਲ ਮੀਡੀਆ ‘ਤੇ ਪੋਸਟ ਬੇਹੱਦ ਵਾਇਰਲ ਹੋਈ ਅਤੇ ਹੁਣ ਤੱਕ 4.5 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਵੇਖ ਚੁੱਕੇ ਹਨ। ਵੱਡੀ ਗਿਣਤੀ ਵਿਚ ਪੋਸਟ ਦੇਖਣ ਵਾਲਿਆਂ ਨੇ ਇਸ ਦੀ ਨਿਖੇਧੀ ਕੀਤੀ । ਐਕਸ ਦੇ ਇਕ ਵਰਤੋਂਕਾਰ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਮੁਫ਼ਤਖੋਰੀ ਦੀ ਸਲਾਹ ਦੇਣ ਵਾਲਾ 98 ਹਜ਼ਾਰ ਡਾਲਰ ਸਾਲਾਨਾ ਤਨਖਾਹ ਲੈਂਦਾ ਹੈ ਅਤੇ ਲੋਕਾਂ ਦੇ ਦਾਨ ਨਾਲ ਚਲਦੇ ਫੂਡ ਬੈਂਕਸ ਤੋਂ ਆਪਣਾ ਗੁਜ਼ਾਰਾ ਚਲਾਉਂਦਾ ਹੈ। ਹੁਣ ਫੂਡ ਬੈਂਕ ਦੇ ਰੋਟੀ ਖਾਣ ਵਾਲੇ ਇਸ ਭਾਰਤੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਹੈ।




ਇੱਥੇ ਇੱਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਕੇ ਇਸ ਵਿਅਕਤੀ ਦੀ ਨਿੰਦਾ ਕੀਤੀ ਹੈ। ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕ ਉਸ ਵਿਅਕਤੀ ਦਾ ਸਮਰਥਨ ਕਰ ਰਹੇ ਹਨ, ਜਦਕਿ ਕੁਝ ਉਸ ਦਾ ਵਿਰੋਧ ਵੀ ਕਰ ਰਹੇ ਹਨ। ਟਵਿੱਟਰ ਯੂਜ਼ਰ ਨੇ ਇਸ ਵਿਅਕਤੀ ਬਾਰੇ ਸ਼ਿਕਾਇਤ ਕਰਦੇ ਹੋਏ ਕਿਹਾ, ‘ਇਸ ਵਿਅਕਤੀ ਦੀ ਟੀਡੀ (ਕੈਨੇਡਾ) ‘ਚ ਬੈਂਕ ਡਾਟਾ ਸਾਇੰਟਿਸਟ ਦੀ ਨੌਕਰੀ ਹੈ, ਜਿਸ ਦੀ ਔਸਤ ਤਨਖਾਹ 98,000 ਡਾਲਰ (ਲਗਭਗ 81 ਲੱਖ ਰੁਪਏ) ਪ੍ਰਤੀ ਸਾਲ ਹੈ ਅਤੇ ਉਸ ਨੇ ਬੜੇ ਮਾਣ ਨਾਲ ਇਹ ਵੀਡੀਓ ਅਪਲੋਡ ਕੀਤਾ ਹੈ, ਜਿਸ ਵਿਚ ਉਹ ਦੱਸਦਾ ਹੈ ਕਿ ਕਿਵੇਂ ਉਹ ਚੈਰਿਟੀ ਫੂਡ ਬੈਂਕ ਤੋਂ ‘ਮੁਫ਼ਤ ਭੋਜਨ’ ਲੈਂਦਾ ਹੈ।


ਵੀਡੀਓ ‘ਚ ਵਿਅਕਤੀ ਦੱਸਦਾ ਹੈ ਕਿ ਉਹ ਮੁਫਤ ਖਾਣਾ ਖਾ ਕੇ ਸੈਂਕੜੇ ਡਾਲਰ ਬਚਾ ਲੈਂਦਾ ਹੈ। ਉਹ ਇਹ ਭੋਜਨ ਚੈਰਿਟੀ ਬੈਂਕਾਂ ਤੋਂ ਲੈਂਦਾ ਹੈ ਜੋ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਟਰੱਸਟਾਂ, ਚਰਚਾਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਦੁਆਰਾ ਖੋਲ੍ਹੇ ਗਏ ਹਨ। ਇਸ ਮਾਮਲੇ ‘ਚ ਐਕਸ ਯੂਜ਼ਰ ਨੇ ਕਿਹਾ, ‘ਅੱਪਡੇਟ: ਫੂਡ ਬੈਂਕ ਲੁਟੇਰੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।’ ਉਪਭੋਗਤਾ ਨੇ ਟੀਡੀ (ਕੈਨੇਡਾ) ਦੀ ਈਮੇਲ ਦਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਹੈ। ਜਿਸ ਵਿੱਚ ਲਿਖਿਆ ਹੈ ਕਿ ਇਹ ਵਿਅਕਤੀ ਟੀਡੀ ਵਿੱਚ ਕੰਮ ਨਹੀਂ ਕਰਦਾ। ਇਸ ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੁਣ ਤੱਕ 3.28 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।