ਅਪ੍ਰੈਲ ਮਹੀਨਾਂ ਆਉਂਦੇ ਹੀ ਮੌਸਮ ਨੇ ਵੀ ਇਕਦਮ ਕਰਵਟ ਬਦਲੀ ਹੈ। ਦਿਨੋ-ਦਿਨ ਵੱਧ ਰਹੀ ਗਰਮੀ ਲੋਕਾਂ ਦਾ ਹਾਲ ਬੇਹਾਲ ਕਰ ਰਹੀ ਹੈ। ਗਰਮੀਆਂ ਵਿੱਚ ਸੂਰਜ ਦੀ ਤਪਿਸ਼ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਇਹ ਭਿਆਨਕ ਗਰਮੀ ਪਸ਼ੂ-ਪੰਛੀਆਂ ਲਈ ਵੀ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਰਹੀ ਹੈ। ਠੰਡਕ ਪਾਉਣ ਲਈ ਉਹ ਤਲਾਬਾਂ, ਛੱਪੜਾਂ ਅਤੇ ਹੋਰ ਠੰਡੀਆਂ ਥਾਵਾਂ ਦਾ ਸਹਾਰਾ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਤੇਲੰਗਾਨਾ ਦੇ ਨੰਦੀਕੋਂਡਾ ਨਗਰਪਾਲਿਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਬਾਂਦਰ ਗਰਮੀ ਤੋਂ ਬਚਾਅ ਲਈ ਪਾਣੀ ਦੀ ਟੈਂਕੀ ਵਿੱਚ ਕੁੱਦ ਗਏ। ਪਰ ਟੈਂਕੀ ਤੇ ਟੀਨ ਦੀਆਂ ਸ਼ੈਡਾਂ ਹੋਣ ਦੇ ਕਾਰਨ ਉਹ ਇਸ ਚੋਂ ਬਾਹਰ ਨਹੀਂ ਨਿਕਲ ਪਾਏ ਜਿਸ ਦੇ ਚੱਲਦੇ ਕਰੀਬ 30 ਬਾਂਦਰਾਂ ਦੀ ਮੌਤ ਹੋ ਗਈ।
ਨਗਰਪਾਲਿਕਾ ਦੇ ਕਰਮਚਾਰੀਆਂ ਨੇ ਨੰਦੀਕੋਂਡਾ ਨਗਰਪਾਲਿਕਾ ਦੇ ਅਧੀਨ ਨਾਗਾਰਜੁਨ ਸਾਗਰ ਨੇੜੇ ਪਾਣੀ ਦੀ ਟੈਂਕੀ ਤੋਂ ਬਾਂਦਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜਿੱਥੇ ਹਿੱਲ ਕਲੋਨੀ ਵਿੱਚ ਕਰੀਬ 200 ਪਰਿਵਾਰਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੀ ਟੈਂਕੀ ਦੀ ਵਰਤੋਂ ਕੀਤੀ ਜਾਂਦੀ ਸੀ, ਉੱਥੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਇਸ ਦੇ ਉੱਪਰ ਟੀਨ ਦੀਆਂ ਚਾਦਰਾਂ ਵਿਛਾ ਦਿੱਤੀਆਂ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਤੇਜ਼ ਧੁੱਪ ਹੋਣ ਕਾਰਨ ਬਾਂਦਰ ਟੈਂਕੀ ਵਿੱਚ ਠੰਡਕ ਲੈਣ ਆਏ ਹੋਣੇ ਸਨ ਪਰ ਟੀਨ ਦੀਆਂ ਚਾਦਰਾਂ ਹੋਣ ਕਾਰਨ ਟੈਂਕੀ ਵਿੱਚੋਂ ਬਾਹਰ ਨਹੀਂ ਨਿਕਲ ਪਾਏ। ਟੈਂਕੀ ਵਿੱਚੋਂ ਆ ਰਹੀ ਬਦਬੂ ਕਾਰਨ ਇਲਾਕਾ ਵਾਸੀਆਂ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਅਤੇ ਨਗਰ ਕੌਂਸਲ ਦੇ ਕਰਮਚਾਰੀ ਟੈਂਕੀ ਤੇ ਜਾ ਕੇ ਮੁਆਇਨਾ ਕਰਨ ਆਏ ਤਾਂ ਟੈਂਕੀ ਵਿੱਚ ਇਨ੍ਹਾਂ ਬਾਂਦਰਾਂ ਨੂੰ ਮਰਿਆ ਹੋਇਆ ਪਾਇਆ। ਇੱਕੋ ਨਾਲ ਏਨੇ ਬਾਂਦਰਾਂ ਦੀਆਂ ਲਾਸ਼ਾਂ ਵੇਖ ਕੇ ਹਰ ਕੋਈ ਹੈਰਾਨ ਸੀ। ਕਰਮਚਾਰੀਆਂ ਨੇ ਕਰੜੀ ਮਸ਼ਕੱਤ ਤੋਂ ਬਾਅਦ ਇਨ੍ਹਾਂ ਲਾਸ਼ਾ ਨੂੰ ਟੈਂਕੀ ਵਿੱਚੋਂ ਬਾਹਰ ਕੱਢਿਆ।
ਇੰਨੀ ਵੱਡੀ ਗਿਣਤੀ ‘ਚ ਬਾਂਦਰਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੁਣ ਇਲਾਕਾ ਵਾਸੀ ਉਕਤ ਪਾਣੀ ਪੀਣ ਨਾਲ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ। ਲੋਕਾਂ ਨੇ ਲਾਪਰਵਾਹੀ ਵਰਤਣ ਵਾਲੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।