ਮੱਧ ਪ੍ਰਦੇਸ਼ ਦੇ ਇੰਦੌਰ ਦੀ ਜ਼ਿਲ੍ਹਾ ਅਦਾਲਤ ਨੇ 34 ਸਾਲਾ ਵਿਅਕਤੀ ਨੂੰ ਆਪਣੇ ਲਿਵ-ਇਨ ਪਾਰਟਨਰ ਨਾਲ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਲੜਕੀ ਨੇ ਬਲਾਤਕਾਰ ਤੋਂ ਇਲਾਵਾ ਉਸ 'ਤੇ ਗਰਭਪਾਤ ਲਈ ਦਬਾਅ ਪਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਅਦਾਲਤ ਨੇ 25 ਅਪ੍ਰੈਲ ਨੂੰ ਦਿੱਤੇ ਫੈਸਲੇ 'ਚ ਜ਼ਿਕਰ ਕੀਤਾ ਕਿ ਦੋਵਾਂ ਵਿਚਾਲੇ ਸਮਝੌਤਾ ਹੋਇਆ ਸੀ। ਲੜਕੀ ਨੇ ਮੁਲਜ਼ਮ ਨਾਲ ਸਮਝੌਤਾ ਕੀਤਾ ਸੀ ਕਿ ਉਹ ਸੱਤ ਦਿਨ ਉਸ ਕੋਲ ਰਹੇਗਾ ਅਤੇ ਫਿਰ ਅਗਲੇ ਸੱਤ ਦਿਨ ਆਪਣੀ ਪਤਨੀ ਨਾਲ।


ਲੜਕੀ ਦੀ ਸ਼ਿਕਾਇਤ 'ਤੇ ਭੰਵਰਕੁਆਂ ਪੁਲਸ ਨੇ 27 ਜੁਲਾਈ 2021 ਨੂੰ ਪੁਰਸ਼ ਲਿਵ-ਇਨ ਪਾਰਟਨਰ ਖਿਲਾਫ ਮਾਮਲਾ ਦਰਜ ਕੀਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਵਿਆਹ ਦੇ ਬਹਾਨੇ ਬਲਾਤਕਾਰ, ਗਰਭਪਾਤ ਲਈ ਜ਼ਬਰਦਸਤੀ ਅਤੇ ਕਤਲ ਦੀ ਧਮਕੀ ਦੇਣ ਵਰਗੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ 15 ਅਗਸਤ 2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 200 ਦਿਨ ਜੇਲ੍ਹ ਵਿਚ ਰਿਹਾ ਅਤੇ ਫਿਰ 5 ਮਾਰਚ 2022 ਨੂੰ ਜ਼ਮਾਨਤ 'ਤੇ ਬਾਹਰ ਆਇਆ।


ਵਧੀਕ ਸੈਸ਼ਨ ਜੱਜ ਜੈਦੀਪ ਸਿੰਘ ਨੇ ਤੱਥਾਂ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਆਈਪੀਸੀ ਦੀ ਧਾਰਾ 376 (ਦੋ) (ਐਨ) (ਔਰਤ ਨਾਲ ਵਾਰ-ਵਾਰ ਬਲਾਤਕਾਰ), ਧਾਰਾ 313 (ਉਸ ਦੀ ਮਰਜ਼ੀ ਤੋਂ ਬਿਨਾਂ ਔਰਤ ਦਾ ਗਰਭਪਾਤ) ਅਤੇ ਧਾਰਾ 506 (ਧਮਕਾਉਣਾ) ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਰੇਖਾਂਕਿਤ ਕੀਤਾ ਕਿ ਲੜਕੀ ਨੇ 15 ਜੂਨ 2021 ਨੂੰ ਇੱਕ ਸਮਝੌਤਾ ਕੀਤਾ ਸੀ, ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਦੋਸ਼ੀ ਸ਼ਾਦੀਸ਼ੁਦਾ ਹੈ ਅਤੇ ਉਹ 7-7 ਦਿਨ ਵਾਰੀ-ਵਾਰੀ ਉਸਦੇ ਅਤੇ ਆਪਣੀ ਪਤਨੀ ਨਾਲ ਰਹੇਗਾ। ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਪਿਛਲੇ ਦੋ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ।


ਜੱਜ ਨੇ ਕਿਹਾ ਕਿ ਸਮਝੌਤੇ ਤੋਂ ਸਪੱਸ਼ਟ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ 'ਚ ਸਨ। ਦੋਵਾਂ ਵਿਚਾਲੇ ਸਹਿਮਤੀ ਨਾਲ ਸਰੀਰਕ ਸਬੰਧ ਸਨ। ਉਹ ਆਦਮੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਵਿਆਹ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਅਦਾਲਤ ਨੇ ਦੋਸ਼ੀ ਨੂੰ ਬਰੀ ਕਰਦੇ ਹੋਏ ਕਿਹਾ, 'ਅਜਿਹੇ ਹਾਲਾਤਾਂ 'ਚ ਇਸ ਵਿਅਕਤੀ ਨੂੰ ਬਲਾਤਕਾਰ ਅਤੇ ਜ਼ਬਰਦਸਤੀ ਗਰਭਪਾਤ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਿੱਥੋਂ ਤੱਕ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਵਾਲ ਹੈ, ਇਸ ਸਬੰਧੀ ਪੁਖਤਾ ਸਬੂਤ ਨਹੀਂ ਹਨ।