Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਫਲ ਯਤਨ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਖੇਡਾਂ ਦਾ ਬਜਟ ਵਧਾਇਆ ਗਿਆ ਕਾਰਗਾਰ ਨਵੀਂ ਖੇਡ ਨੀਤੀ ਬਣਾਉਣ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ।
ਇਹ ਗੱਲ ਅੱਜ ਕੋਟਲਾ ਸ਼ਾਹੀਆ ਵਿਖੇ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਕਰਵਾਈਆਂ ਜਾ ਰਹੀਆਂ 29ਵੀਆਂ ਕਮਲਜੀਤ ਖੇਡਾਂ ਦੇ ਤੀਜੇ ਦਿਨ ਸੰਬੋਧਨ ਕਰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ, ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ, ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ, ਪਿ੍ਰਥੀਪਾਲ ਸਿੰਘ ਐਸ.ਪੀ (ਇੰਨਵੈਸ਼ਟੀਗੇਸ਼ਨ) ਗੁਰਦਾਸਪੁਰ, ਗੁਰਪ੍ਰੀਤ ਸਿੰਘ ਐਸ.ਪੀ (ਡੀ) ਬਟਾਲਾ, ਲਖਵਿੰਦਰ ਸਿੰਘ ਨਾਇਬ ਤਹਿਸਲੀਦਾਰ, ਬਾਬਾ ਬੁੱਧ ਸਿੰਘ ਜੀ, ਅੰਮ੍ਰਿਤ ਕਲਸੀ, ਤਰੁਨ ਕਲਸੀ ਮੋਜੂਦ ਸਨ।
ਖੇਡ ਮੰਤਰੀ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਜਿਸ ਦੌਰਾਨ 9961 ਜੇਤੂ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਅਤੇ ਰਾਸ਼ਟਰਮੰਡਲ ਖੇਡਾਂ ਦੇ ਜੇਤੂਆਂ ਨੂੰ 9.30 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ।
ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਜਿਸ ਤਹਿਤ ਸੀਨੀਅਰ ਨੈਸ਼ਨਲ ਚੈਂਪੀਅਨ ਨੂੰ 8000 ਰੁਪਏ ਮਹੀਨਾ ਤੇ ਜੂਨੀਅਰ ਨੈਸ਼ਨਲ ਚੈਂਪੀਅਨ ਨੂੰ 6000 ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਖੇਡ ਵਿਭਾਗ ਜਲਦ ਹੀ 220 ਕੋਚ ਭਰਤੀ ਕਰਨ ਜਾ ਰਿਹਾ ਹੈ।
ਮੀਤ ਹੇਅਰ ਨੇ ਖੇਡਾਂ ਦੇ ਪ੍ਰਬੰਧਕਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਿਸ਼ਵ ਹਾਕੀ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ‘ਚ ਬਣੀ ਸੁਰਜੀਤ ਸਪਰੋਟਸ ਐਸੋਸੀਏਸ਼ਨ ਵੱਲੋਂ ਕੋਟਲ਼ਾ ਸ਼ਾਹੀਆ ਵਿਖੇ ਆਪਣੇ ਵਿੱਛੜੇ ਕੌਮੀ ਪੱਧਰ ਦੇ ਅਥਲੀਟ ਕਮਲਜੀਤ ਸਿੰਘ ਦੀ ਯਾਦ ਵਿੱਚ ਪਿਛਲੇ 30 ਸਾਲਾਂ ਤੋਂ ਖੇਡਾਂ ਕਰਵਾਉਣਾ ਬਹੁਤ ਵਧੀਆ ਉਪਰਾਲਾ ਹੈ।
ਇਨ੍ਹਾਂ ਖੇਡਾਂ ਦੀ ਖ਼ਾਸੀਅਤ ਹੈ ਕਿ ਇਹ ਓਲੰਪਿਕ ਚਾਰਟਰ ਦੀਆਂ ਖੇਡਾਂ ਹਨ ਜਿਸ ਵਿੱਚ ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟਾਂ ਤੋਂ ਇਲਾਵਾ ਫ਼ੁਟਬਾਲ, ਹਾਕੀ, ਵਾਲੀਬਾਲ, ਕਬੱਡੀ ਤੇ ਨੈਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ 18 ਲੱਖ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਪੁਸਤਕਾਂ ਵੀ ਇਨਾਮ ਵਿੱਚ ਦੇਣਾ ਬਹੁਤ ਵਧੀਆ ਉਪਰਾਲਾ ਹੈ।ਖਿਡਾਰੀਆਂ ਨੂੰ ਸਾਹਿਤ ਨਾਲ ਜੋੜਨ ਦੀ ਵਧੀਆ ਰੀਤ ਹੈ।ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਅਜਿਹੇ ਖੇਡ ਮੇਲੇ ਬਹੁਤ ਜ਼ਰੂਰੀ ਹੈ। ਖੇਡ ਮੰਤਰੀ ਨੇ ਕਮਲਜੀਤ ਖੇਡਾਂ ਦੇ ਜੇਤੂਆਂ ਨੂੰ ਇਨਾਮ ਦੀ ਵੰਡ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਚਨਬੱਧ ਹੈ ਤੇਨਸਰਕਾਰ ਵਲੋਂ ਨੋਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਸਫਲ ਉਪਰਾਲੇ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ, ਜਿਸ ਵਿੱਚ ਖਿਡਾਰੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਕਮਲਜੀਤ ਖੇਡ ਕਮੇਟੀ ਵਲੋਂ ਖੇਡ ਸਟੇਡੀਅਮ ਦੀ ਹੋਰ ਬਿਹਤਰੀ ਲਈ ਜੋ ਵੀ ਮੰਗ ਰੱਖਣਗੇ, ਉਸਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਪਿੰਡ ਕੋਟਲਾ ਸ਼ਾਹੀਆਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੋਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਖੇਡ ਮੰਤਰੀ ਮੀਤ ਹੇਅਰ ਦਾ ਖਿਡਾਰੀਆਂ ਦੀ ਹੱਲਾਸ਼ੇਰੀ ਕਰਨ ਅਤੇ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਧੰਨਵਾਦ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਮਾਜਿਕ ਬੁਰਾਈ ਨਸ਼ਿਆ ਨੂੰ ਖਤਮ ਕਰਨ ਦੇ ਮੰਤਵ ਨਾਲ ਖੇਡਾਂ ਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ ਤੇ ਨੋਜਵਾਨਾਂ ਨੂੰ ਖੇਡਾਂ ਵੱਲ ਮੁੜ ਮੋੜਨ ਲਈ ਸਫਲ ਯਤਨ ਕੀਤੇ ਜਾ ਰਹੇ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ (ਐਸ.ਪੀ.) ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਲਾਇਨਜ਼ ਕਲੱਬ ਬਟਾਲਾ ਸ਼ਮਾਇਲ ਬਟਾਲਾ ਨੇ 1.50 ਲੱਖ ਰੁਪਏ (ਦੋ ਮੋਟਰਸਾਈਕਲ ਖਰੀਦਣ ਲਈ) ਦੇਣ ਦਾ ਐਲਾਨ ਕੀਤਾ। ਇਹ ਰਾਸ਼ੀ ਡਾ ਨਰੇਸ਼ ਅਗਰਵਾਲ ਅੰਤਰਰਾਸ਼ਟਰੀ ਪ੍ਰਧਾਨ ਵਲੋ ਲਾਇਨਜ਼ ਕਲੱਬ ਬਟਾਲਾ ਸਮਾਇਲ ਰਾਹੀਂ ਦਿੱਤੀ ਗਈ। ਇਸ ਮੌਕੇ ਯਸ਼ਪਾਲ ਚੌਹਾਨ,ਵੀ ਐਮ ਗੋਇਲ, ਨਰੇਸ਼ ਲੂਥਰਾ, ਗੁਰਪ੍ਰੀਤ ਸਿੰਘ ਗਿੱਲ, ਲਾਇਨ ਚਰਨਜੀਤ ਸਿੰਘ ਮੌਜੂਦ ਸਨ।
ਅੱਜ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਚ ਮੁੰਡਿਆਂ ਚ ਹਰਜੀਤ ਸਿੰਘ, ਅਮਨਦੀਪ ਸਿੰਘ ਤੇ ਬਿਕਰਮਜੀਤ ਸਿੰਘ, ਕੁੜੀਆਂ ਚ ਸਿਮਰਨਜੀਤ ਕੌਰ, ਰਾਧਾ ਦੇਵੀ ਤੇ ਸੰਦੀਪ ਕੌਰ, 5000 ਮੁੰਡਿਆਂ ਚ ਕਰਮ ਸਿੰਘ, ਮਾਹਿਲ ਸਾਗਰ ਤੇ ਜਸ਼ਨਦੀਪ ਸਿੰਘ, 400 ਮੀਟਰ ਮੁੰਡਿਆਂ ਚ ਮਨਿੰਦਰ ਸਿੰਘ, ਜਗਵਿੰਦਰ ਕੌਰ ਤੇ ਮਿਥਨ, ਕੁੜੀਆਂ ਚ ਗੁਰਜੋਤ ਕੌਰ, ਸੁਖਵਿੰਦਰ ਕੌਰ ਤੇ ਬਲਜੀਤ ਕੌਰ, ਲੰਬੀ ਛਾਲ ਕੁੜੀਆਂ ਚ ਦੀਪਤੀ, ਲਵਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ, ਉੱਚੀ ਛਾਲ ਮੁੰਡਿਆਂ ਚ ਅਰਸ਼ਪ੍ਰੀਤ ਸਿੰਘ, ਹਨੀ ਕੁਮਾਰ ਤੇ ਗੁਰਸੇਵਕ ਸਿੰਘ, ਡਿਸਕਸ ਥਰੋਅ ਮੁੰਡਿਆਂ ਚ ਕਿਰਪਾਲ ਸਿੰਘ, ਬਲਰਾਜ ਦੀਪ ਸਿੰਘ ਤੇ ਦਵਿੰਦਰ ਸਿੰਘ, ਕੁੜੀਆਂ ਚ ਨਵਪ੍ਰੀਤ ਕੌਰ, ਨਵਦੀਪ ਕੌਰ ਤੇ ਗੁਰਮੀਤ ਕੌਰ, ਉੱਚੀ ਛਾਲ ਕੁੜੀਆਂ ਚ ਰਿੰਪਲ ਕੌਰ, ਹਰਪ੍ਰੀਤ ਕੌਰ ਤੇ ਕਮਲਜੀਤ ਕੌਰ, 1500 ਮੀਟਰ ਕੁੜੀਆਂ ਚ ਟਵਿੰਕਲ ਚੌਧਰੀ, ਅੰਜੂ ਯਾਦਵ ਤੇ ਮਨਦੀਪ ਕੌਰ ਅਤੇ 800 ਮੀਟਰ ਮੁੰਡਿਆਂ ਚ ਕਰਮ ਸਿੰਘ, ਰਨਜੋਤ ਤੇ ਗੁਰਬਾਜ਼ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।