PM Modi in Himachal : ਹਿਮਾਚਲ 'ਚ ਮਨਾਉਣਗੇ ਦੁਸਹਿਰਾ
PM Modi in Himachal: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਵਿੱਚ ਦਸਹਿਰਾ ਮਨਾਉਣਗੇ। ਉਹ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਬਿਲਾਸਪੁਰ ਵਿੱਚ ਏਮਸ ਦਾ ਉਦਘਾਟਨ ਕਰਨਗੇ ਤੇ ਪ੍ਰਸਿੱਧ ‘ਕੁੱਲੂ ਦਸਹਿਰਾ’ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ। ਹਿਮਚਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਅਹਿਮ ਸਮਝਿਆ ਜਾ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਵੱਡੇ ਐਲਾਨ ਕਰ ਸਕਦੇ ਹਨ। ਦੱਸ ਦਈਏ ਕਿ ਇਸ ਵਾਰ ਕਾਂਗਰਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਹਿਮਾਚਲ ਵਿੱਚ ਸਰਗਰਮ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਿਮਾਚਲ ਦੇ ਕਈ ਦੌਰੇ ਕਰ ਚੁੱਕੇ ਹਨ। ਪੀਐਮ ਮੋਦੀ ਦੇ ਦੌਰੇ ਬਾਰੇ ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇਸ ਦੌਰਾਨ 3,650 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਰੈਲੀ ਨੂੰ ਸੰਬੋਧਨ ਕਰਨਗੇ। ਮੋਦੀ ਨੇ ਅਕਤੂਬਰ 2017 ਵਿੱਚ ਏਮਸ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਇਸ ਦੌਰਾਨ ਪਿੰਜੌਰ ਤੋਂ ਨਾਲਾਗੜ੍ਹ ਤੱਕ ਨੈਸ਼ਨਲ ਹਾਈਵੇਅ-105 ਨੂੰ 31 ਕਿਲੋਮੀਟਰ ਤੱਕ ਚਹੁੰ-ਮਾਰਗੀ ਕਰਨ ਸਬੰਧੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।