ਗਾਇਕਾ ਜੋਤੀ ਨੂਰਾਂ ਦੀ ਘਰਵਾਲੇ ਨਾਲ ਹੋਈ ਸੁਲ੍ਹਾ,ਮੀਆਂ-ਬੀਬੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਿੱਤੀਆਂ ਸਫ਼ਾਈਆਂ
ਗਾਇਕਾ ਜੋਤੀ ਨੂਰਾਂ ਦੀ ਘਰਵਾਲੇ ਨਾਲ ਹੋਈ ਸੁਲ੍ਹਾ,ਮੀਆਂ-ਬੀਬੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਿੱਤੀਆਂ ਸਫ਼ਾਈਆਂ
ਮੀਡੀਆ ਨਾਲ ਵੀ ਹੋਈ ਤੂੰ - ਤੂੰ ਮੈਂ ਮੈਂ
Jyoti Nooran: ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਪਾਸੀ ਨਾਲ ਸਮਝੌਤਾ ਕਰ ਲਿਆ ਹੈ। ਦੋਵਾਂ ਵੱਲੋਂ ਜਲੰਧਰ 'ਚ ਇੱਕ ਸਾਂਝੀ ਪ੍ਰੈੱਸ ਵਾਰਤਾ ਕੀਤੀ ਗਈ ਜਿਸ 'ਚ ਗਾਇਕਾ ਨੇ ਕਿਹਾ ਕਿ ਹੁਣ ਸਾਡੇ ਵਿਚਕਾਰ ਸਭ ਕੁਝ ਠੀਕ ਹੈ ਅਤੇ ਇਕ ਵਾਰ ਫਿਰ ਅਸੀਂ ਇਕੱਠੇ ਹਾਂ।
ਪ੍ਰੈੱਸ ਕਾਨਫਰੰਸ ਕਰਦੇ ਹੋਏ ਜੋਤੀ ਨੂਰਾ ਦੇ ਪਤੀ ਕੁਨਾਲ ਨੇ ਕਿਹਾ ਕਿ ਸਾਡੇ ਦੋਹਾਂ 'ਚ ਗਲਤਫਹਿਮੀ ਹੋ ਗਈ ਸੀ, ਜਿਸ ਦਾ ਕਈ ਲੋਕ ਫਾਇਦਾ ਉਠਾਉਣਾ ਚਾਹੁੰਦੇ ਸਨ ਪਰ ਰੱਬ ਦੀ ਕਿਰਪਾ ਸਾਡੇ 'ਤੇ ਬਣੀ ਰਹੀ, ਜਿਸ ਕਾਰਨ ਅੱਜ ਅਸੀਂ ਫਿਰ ਤੋਂ ਇਕ ਹੋ ਗਏ ਹਾਂ। ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਸਿਗਰਟ ਪੀਂਦਾ ਹਾਂ, ਇਸ ਤੋਂ ਇਲਾਵਾ ਮੈਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ।
20 ਕਰੋੜ ਰੁਪਏ ਆਪਣੇ ਕੋਲ ਰੱਖਣ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਮਾਮਲਾ ਵੀ ਹੱਲ ਹੋ ਗਿਆ ਹੈ ਕਿਉਂਕਿ ਮੈਂ ਜੋਤੀ ਦਾ ਪਤੀ ਹੋਣ ਦੇ ਨਾਲ-ਨਾਲ ਉਸ ਦਾ ਮੈਨੇਜਰ ਵੀ ਹਾਂ, ਇਸ ਲਈ ਪੈਸੇ ਦਾ ਹਿਸਾਬ-ਕਿਤਾਬ ਚੱਲਦਾ ਰਹਿੰਦਾ ਹੈ।
ਇਸ ਮੌਕੇ ਜੋਤੀ ਨੂਰਾ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਸਾਡੇ ਦੋਵਾਂ 'ਚ ਸਭ ਕੁਝ ਠੀਕ ਹੈ ਅਤੇ ਮੈਂ ਜੋ ਤਲਾਕ ਲਈ ਅਪਲਾਈ ਕੀਤਾ ਸੀ, ਉਹ ਵੀ ਵਾਪਸ ਲੈ ਲਿਆ ਹੈ। ਨਸ਼ਿਆਂ ਨੂੰ ਲੈ ਕੇ ਲੱਗੇ ਦੋਸ਼ਾਂ ਬਾਰੇ ਜੋਤੀ ਨੂਰਾ ਨੇ ਕਿਹਾ ਕਿ ਉਸ ਸਮੇਂ ਗੁੱਸੇ 'ਚ ਮੈਂ ਬਹੁਤ ਕੁਝ ਕਿਹਾ ਸੀ ਪਰ ਅੱਜ ਮੈਂ ਸਾਰਿਆਂ ਦੇ ਸਾਹਮਣੇ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਸਿਰਫ ਸਿਗਰਟ ਜਾਂ ਭੰਗ ਦਾ ਸੇਵਨ ਕਰਦਾ ਹੈ।
ਦਸ ਦਈਏ ਕਿ ਇੱਕ ਹਫ਼ਤਾ ਪਹਿਲਾਂ ਜੋਤੀ ਨੂਰਾਂ ਵੱਲੋਂ ਇੱਕ ਪ੍ਰੈੱਸ ਵਾਰਤਾ ਕਰ ਕੇ ਪਤੀ ਕੁਨਾਲ ਪਾਸੀ 'ਤੇ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਸਨ ਅਤੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਵੀ ਕੀਤਾ ਸੀ ਇੱਥੋਂ ਤੱਕ ਕਿ ਉਹਨਾਂ ਵੱਲੋਂ ਪਤੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਸੁਰੱਖਿਆ ਦੀ ਵੀ ਮੰਗ ਕੀਤੀ ਸੀ।