ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਬਦਲੇ ਸਰਕਾਰੀ ਹਥਿਆਰ ਬਦਮਾਸਾਂ ਨੂੰ ਦਿੰਦਾ ਸੀ। ਇਹ ਖੁਲਾਸਾ ਤਰਨ ਤਾਰਨ ਵਿੱਚ ਪੁਲਿਸ ਤੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਗੁਰਗਿਆਂ ਵਿਚਾਲੇ ਮੁਕਾਬਲੇ ਮਗਰੋਂ ਹੋਇਆ। ਇਸ ਮੁਕਾਬਲੇ ਵਿੱਚ ਦੋ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ। ਪੁਲਿਸ ਨੇ ਜਦੋਂ ਉਨ੍ਹਾਂ ਕੋਲੋਂ ਪਿਸਤੌਲ ਬਾਰੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਦਾ ਨਾਂ ਲਿਆ। ਇਸ ਤੋਂ ਬਾਅਦ ਪੁਲਿਸ ਨੇ ਏਐਸਆਈ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਏਐਸਆਈ ਨਸ਼ੇ ਦਾ ਆਦੀ ਸੀ ਤੇ ਉਹ ਆਪਣਾ ਸਰਕਾਰੀ ਹਥਿਆਰ ਬਦਮਾਸ਼ਾਂ ਨੂੰ ਦੇ ਕੇ ਨਸ਼ਾ ਲੈਂਦਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਯਾਦਵਿੰਦਰ ਸਿੰਘ, ਕੁਲਦੀਪ ਸਿੰਘ ਉਰਫ ਲੱਡੂ, ਏਐਸਆਈ ਪ੍ਰਭਦੀਪ ਸਿੰਘ ਤੇ ਪਵਨਦੀਪ ਸਿੰਘ ਵਜੋਂ ਹੋਈ ਹੈ। ਯਾਦਵਿੰਦਰ ਸਿੰਘ ਤੇ ਕੁਲਦੀਪ ਸਿੰਘ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਲਈ ਕੰਮ ਕਰਦੇ ਸਨ।