ਨਕਲੀ ਅਤੇ ਮਿਲਾਵਟੀ ਦੁੱਧ ਦੇ ਕਾਰੋਬਾਰੀ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ।

WHO ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਵਿਕਦਾ ਹੈ, ਜਿਸ ਵਿੱਚੋਂ 50 ਕਰੋੜ ਲੀਟਰ ਮਿਲਾਵਟੀ ਹੋਣ ਦਾ ਖ਼ਦਸ਼ਾ ਹੈ।

ਲੋਕ 6 ਕਰੋੜ ਲੀਟਰ ਡੱਬਾ ਬੰਦ ਦੁੱਧ ਵੀ ਪੀਂਦੇ ਹਨ। WHO ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਕਾਰੋਬਾਰ ਨੂੰ ਨਹੀਂ ਰੋਕਿਆ ਗਿਆ ਤਾਂ ਲੋਕ ਗੰਭੀਰ ਬਿਮਾਰੀਆਂ, ਜਿਵੇਂ ਕੈਂਸਰ, ਦਾ ਸ਼ਿਕਾਰ ਹੋ ਸਕਦੇ ਹਨ।

ਜਾਣਕਾਰੀ ਮੁਤਾਬਕ ਪੰਜਾਬ ਵਿੱਚ 25 ਲੱਖ ਗਊਆਂ ਅਤੇ 40 ਲੱਖ ਮੱਝਾਂ ਹਨ, ਪਰ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਘੱਟ ਦੱਸੀ ਜਾ ਰਹੀ ਹੈ। ਸੂਬੇ ਵਿੱਚ ਰੋਜ਼ਾਨਾ 16 ਲੱਖ ਲੀਟਰ ਦੁੱਧ ਬਣਦਾ ਹੈ।

ਇਸ 'ਚੋਂ 60% ਲੋਕ ਖ਼ੁਦ ਵਰਤਦੇ ਹਨ ਤੇ 40% ਦੁੱਧ ਮੱਖਣ, ਦਹੀਂ, ਪਨੀਰ, ਸੁੱਕਾ ਦੁੱਧ ਅਤੇ ਡੱਬਾ ਬੰਦ ਦੁੱਧ ਬਣਾਉਣ ਲਈ ਵਰਤਿਆ ਜਾਂਦਾ ਹੈ।

ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਸਰਵੇ ਮੁਤਾਬਕ, ਪੰਜਾਬ ਵਿੱਚ ਦੁੱਧ ਦੇ 37% ਨਮੂਨੇ ਜਾਂਚ ਦੌਰਾਨ ਫੇਲ ਹੋਏ।

ਜਾਣਕਾਰੀ ਮੁਤਾਬਕ, ਸ਼ਹਿਰਾਂ ਅਤੇ ਪਿੰਡਾਂ ਵਿੱਚ ਡੇਅਰੀ ਸੰਚਾਲਕ ਜ਼ਿਆਦਾ ਮੁਨਾਫ਼ੇ ਲਈ ਦੁੱਧ ਵਿੱਚ ਅਰਾਰੋਟ, ਰੰਗ, ਕੱਪੜੇ ਧੋਣ ਵਾਲੇ ਪਾਊਡਰ, ਗਲੂਕੋਜ਼ ਅਤੇ ਮਿਲਕ ਪਾਊਡਰ ਮਿਲਾ ਕੇ ਨਕਲੀ ਦੁੱਧ ਤਿਆਰ ਕਰ ਰਹੇ ਹਨ।

ਨਕਲੀ ਦੁੱਧ ਵਧਣ ਕਾਰਨ ਅਸਲੀ ਦੁੱਧ ਉਦਪਾਦਕ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਮਿਲਦਾ।

ਇਸ ਦੇ ਨਤੀਜੇ ਵਜੋਂ ਲੋਕ ਪਸ਼ੂਆਂ ਵੇਚ ਰਹੇ ਹਨ ਅਤੇ ਨਕਲੀ ਦੁੱਧ ਦਾ ਕਾਰੋਬਾਰ ਵਧ ਰਿਹਾ ਹੈ।

ਨਕਲੀ ਦੁੱਧ ਦੀ ਵਰਤੋਂ ਕਾਰਨ ਲੋਕ ਕੈਂਸਰ, ਸ਼ੂਗਰ, ਬੀ.ਪੀ., ਡਿਪਰੈਸ਼ਨ, ਥਾਇਰਾਇਡ, ਬੇਚੈਨੀ ਅਤੇ ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।