ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ ਤਾਂ ਮੱਛਰ ਵੀ ਵਧ ਜਾਂਦੇ ਹਨ। ਇਹ ਮੱਛਰ ਨਾ ਸਿਰਫ਼ ਨੀਂਦ ਖਰਾਬ ਕਰਦੇ ਹਨ, ਸਗੋਂ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਲਿਆਉਂਦੇ ਹਨ।

ਬਾਜ਼ਾਰ ਤੋਂ ਮਿਲਣ ਵਾਲੇ ਮੱਛਰ ਭਜਾਉ ਸਪਰੇਅ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੁੰਦੇ, ਖ਼ਾਸ ਕਰਕੇ ਜਦੋਂ ਘਰ ਵਿੱਚ ਬੱਚੇ ਜਾਂ ਪਸ਼ੂ ਹੋਣ। ਇਸ ਲਈ ਅਸੀਂ ਤੁਹਾਨੂੰ ਇੱਕ ਸਰਲ, ਘਰੇਲੂ ਤੇ ਸਸਤਾ ਨੁਸਖਾ ਦੱਸਣੇ ਜਾ ਰਹੇ ਹਾਂ, ਜੋ ਤੁਹਾਡੀ ਰਸੋਈ 'ਚ ਹੀ ਮਿਲ ਜਾਏਗਾ।

ਨਿੰਮ ਅਤੇ ਨੀਲਗਿਰੀ ਦੇ ਤੇਲ ਦੀ ਮਹਿਕ ਮੱਛਰਾਂ ਨੂੰ ਨਹੀਂ ਪਸੰਦ। ਤੁਸੀਂ 10-10 ਬੂੰਦ ਨਿੰਮ ਤੇ ਨੀਲਗਿਰੀ ਦਾ ਤੇਲ ਲੈ ਕੇ, ਅੱਧਾ ਕੱਪ ਪਾਣੀ ਵਿੱਚ ਮਿਲਾਓ।

ਫਿਰ ਇਸ ਵਿੱਚ 1 ਛੋਟਾ ਚਮਚਾ ਐਲੋਵੀਰਾ ਜੈਲ ਪਾਓ ਅਤੇ ਸਾਰੇ ਮਿਸ਼ਰਨ ਨੂੰ ਇੱਕ ਸਪਰੇਅ ਬੋਤਲ ਵਿੱਚ ਭਰ ਲਵੋ। ਇਸ ਸਪਰੇਅ ਨੂੰ ਮੱਛਰ ਵਾਲੀਆਂ ਥਾਵਾਂ 'ਤੇ ਛਿੜਕੋ, ਮੱਛਰ ਭੱਜ ਜਾਣਗੇ।

ਸਿਰਕੇ ਅਤੇ ਨਿੰਬੂ ਦਾ ਮਿਸ਼ਰਣ ਮੱਛਰਾਂ ਨੂੰ ਦੂਰ ਰੱਖਣ ਦਾ ਇੱਕ ਸੌਖਾ ਅਤੇ ਕੁਦਰਤੀ ਤਰੀਕਾ ਹੈ। ਅੱਧਾ ਕੱਪ ਸਫੈਦ ਸਿਰਕੇ ਵਿੱਚ ਇੱਕ ਨਿੰਬੂ ਦਾ ਰਸ ਮਿਲਾਓ ਅਤੇ ਇਸ ਮਿਸ਼ਰਣ ਨੂੰ ਇੱਕ ਸਪਰੇਅ ਬੋਤਲ ਵਿੱਚ ਭਰ ਲਓ।

ਫਿਰ, ਇਸ ਨੂੰ ਉਨ੍ਹਾਂ ਥਾਵਾਂ 'ਤੇ ਛਿੜਕੋ ਜਿੱਥੇ ਮੱਛਰ ਜ਼ਿਆਦਾ ਹੁੰਦੇ ਹਨ। ਇਹ ਸਰਲ ਉਪਾਅ ਮੱਛਰਾਂ ਨੂੰ ਭਜਾਉਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਘਰ ਨੂੰ ਸੁਰੱਖਿਅਤ ਰੱਖਦਾ ਹੈ।

ਤੁਲਸੀ ਦੇ ਪੱਤਿਆਂ ਦਾ ਮਿਸ਼ਰਣ ਮੱਛਰਾਂ ਨੂੰ ਦੂਰ ਰੱਖਣ ਦਾ ਕੁਦਰਤੀ ਅਤੇ ਅਸਰਦਾਰ ਤਰੀਕਾ ਹੈ। ਕੁਝ ਤੁਲਸੀ ਦੇ ਪੱਤੇ ਪਾਣੀ ਵਿੱਚ ਉਬਾਲ ਲਓ।

ਜਦੋਂ ਪਾਣੀ ਠੰਡਾ ਹੋ ਜਾਵੇ, ਤਾਂ ਇਸ ਨੂੰ ਛਾਣ ਕੇ ਸਪਰੇਅ ਬੋਤਲ ਵਿੱਚ ਭਰ ਲਓ। ਵਧੇਰੇ ਅਸਰ ਲਈ ਇਸ ਵਿੱਚ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ।

ਇਸ ਸਪਰੇਅ ਨੂੰ ਮੱਛਰਾਂ ਵਾਲੀਆਂ ਥਾਵਾਂ 'ਤੇ ਛਿੜਕਣ ਨਾਲ ਤੁਸੀਂ ਆਪਣੇ ਘਰ ਨੂੰ ਮੱਛਰਾਂ ਤੋਂ ਸੁਰੱਖਿਅਤ ਰੱਖ ਸਕਦੇ ਹੋ।

ਜੇਕਰ ਕਿਸੇ ਨੂੰ ਨਿੰਮ ਜਾਂ ਨੀਲਗਿਰੀ ਨਾਲ ਐਲਰਜੀ ਹੋਵੇ, ਤਾਂ ਉਹ ਤੁਲਸੀ ਜਾਂ ਸਿਰਕਾ ਵਾਲਾ ਸਪਰੇਅ ਵਰਤਣ।